ਬੀਸੀਸੀਆਈ ਨੇ ਬੁੱਧਵਾਰ ਨੂੰ ਆਗਾਮੀ ਟੀ -20 ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਜੋ 17 ਅਕਤੂਬਰ ਤੋਂ ਯੂਏਈ ਅਤੇ ਓਮਾਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਟੀਮ ਦੀ ਅਗਵਾਈ ਵਿਰਾਟ ਕੋਹਲੀ ਕਰਨਗੇ, ਜਦਕਿ ਰੋਹਿਤ ਸ਼ਰਮਾ ਉਨ੍ਹਾਂ ਦੇ ਉਪ ਕਪਤਾਨ ਹੋਣਗੇ।
ਹੈਰਾਨੀਜਨਕ ਫੈਸਲਾ ਇਹ ਸੀ ਕਿ ਸੀਨੀਅਰ ਆਫ ਸਪਿਨਰ ਆਰ ਅਸ਼ਵਿਨ ਨੂੰ ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਦੇ ਨਾਲ ਟੀਮ ਵਿੱਚ ਸ਼ਾਮਲ ਕੀਤਾ ਗਿਆ । ਰਾਹੁਲ ਚਾਹਰ ਨੂੰ ਵੀ ਸ਼ਾਮਲ ਕੀਤਾ ਗਿਆ, ਭਾਵ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਟੀਮ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਇਸ ਦੇ ਨਾਲ ਹੀ ਓਪਨਰ ਸ਼ਿਖਰ ਧਵਨ ਵੀ ਟੀਮ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕੇ ।
ਚੋਣਕਾਰਾਂ ਨੇ ਸ਼੍ਰੇਅਸ ਅਈਅਰ, ਸ਼ਾਰਦੁਲ ਠਾਕੁਰ, ਦੀਪਕ ਚਾਹਰ ਦੇ ਨਾਲ ਤਿੰਨ ਸਟੈਂਡਬਾਏ ਖਿਡਾਰੀਆਂ ਦੇ ਨਾਂ ਵੀ ਲਏ ਹਨ ਅਤੇ ਸਭ ਤੋ ਹੈਰਾਨੀਜਨਕ ਫੈਸਲਾ ਇਹ ਸੀ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਪਹਿਲੇ 20-20 ਵਰਲਡ ਕੱਪ ਦੇ ਵਿਜੇਤਾ ਕਪਤਾਨ ਮਹਿੰਦਰ ਸਿੰਘ ਧੋਨੀ ਟੀਮ ਦੇ ਨਾਲ ਹੋਣਗੇ। ਉਹ ਭਾਰਤੀ ਟੀਮ ਦੇ ਮਿੰਟਰ ਵਜੋਂ ਸੇਵਾਵਾਂ ਦੇਣਗੇ। ਭਾਰਤੀ ਟੀਮ ਦੇ 15 ਮੈਂਬਰ ਇਸ ਪ੍ਰਕਾਰ ਹਨ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐਲ ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟ ਕੀਪਰ), ਈਸ਼ਾਨ ਕਿਸ਼ਨ (ਵਿਕਟ ਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਾਹੁਲ ਚਾਹਰ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ।
ਟੀਮ ਇੰਡੀਆ ਨੇ ਸੋਮਵਾਰ ਨੂੰ ਦਿ ਓਵਲ ਵਿੱਚ ਚੌਥੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾਉਣ ਦੇ ਦੋ ਦਿਨਾਂ ਬਾਅਦ ਇਹ ਐਲਾਨ ਕੀਤਾ ਹੈ, ਜਿਸ ਨਾਲ 5 ਮੈਚਾਂ ਦੀ ਲੜੀ ਵਿੱਚ 2-1 ਦੀ ਅਜੇਤੂ ਬੜ੍ਹਤ ਹੋ ਗਈ ਹੈ। ਪੰਜਵਾਂ ਅਤੇ ਆਖਰੀ ਟੈਸਟ 10 ਸਤੰਬਰ ਤੋਂ ਓਲਡ ਟ੍ਰੈਫੋਰਡ, ਮੈਨਚੈਸਟਰ ਵਿਖੇ ਸ਼ੁਰੂ ਹੋਵੇਗਾ।
ਭਾਰਤ ਨੂੰ ਪਾਕਿਸਤਾਨ, ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੇ ਨਾਲ ਸੁਪਰ 12 ਪੜਾਅ ਦੇ ਗਰੁੱਪ 2 ਵਿੱਚ ਰੱਖਿਆ ਗਿਆ ਹੈ । ਵਿਰਾਟ ਕੋਹਲੀ ਐਂਡ ਕੰਪਨੀ ਆਪਣੇ ਟੀ -20 ਵਿਸ਼ਵ ਕੱਪ ਅਭਿਆਨ ਦੀ ਸ਼ੁਰੂਆਤ 24 ਅਕਤੂਬਰ ਨੂੰ ਪਾਕਿਸਤਾਨ ਦੇ ਖਿਲਾਫ ਕਰੇਗੀ।