ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਦਿੱਤੀ ਮਾਤ , ਕੋਹਲੀ ਨੇ ਜੜਿਆ ਸੈਂਕੜਾ ਤੇ ਧੋਨੀ ਨੇ ਛੱਕੇ ਨਾਲ ਜਿਤਾਇਆ ਮੈਚ

virat kohli ms dhoni 2 odi

ਐਡੀਲੇਡ ਵਿੱਚ ਤਿੰਨ ਇੱਕ ਦਿਨਾਂ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਦੀ ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਸੀਰੀਜ਼ ਵਿੱਚ ਬਰਾਬਰੀ ਕਰ ਲਈ ਹੈ। ਇਸ ਮੈਚ ਵਿੱਚ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਨੇ ਸੈਂਕੜਾ ਜੜਿਆ ਪਰ ਸਾਬਕਾ ਕਪਤਾਨ ਐਮ.ਐਸ. ਧੋਨੀ ਨੇ ਛੱਕਾ ਮਾਰ ਕੇ ਮੈਚ ਨੂੰ ਜਿੱਤ ਦਿਵਾਈ।

ਆਸਟ੍ਰੇਲੀਆ ਨੇ 298 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤੀ ਟੀਮ ਨੇ 50ਵੇਂ ਓਵਰ ਵਿੱਚ ਚਾਰ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡਦਿਆਂ ਹੋਇਆਂ 112 ਗੇਂਦਾਂ ਵਿੱਚ ਸ਼ਾਨਦਾਰ 104 ਦੌੜਾਂ ਬਣਾਈਆਂ। ਕੋਹਲੀ ਦਾ ਨੇ ਇਸ ਸੈਂਕੜੇ ਨਾਲ ਕੌਮਾਂਤਰੀ ਕਰੀਅਰ ਵਿੱਚ 64, ਇੱਕ ਦਿਨਾ ਮੈਚਾਂ ਵਿੱਚ 39ਵਾਂ ਅਤੇ ਆਸਟ੍ਰੇਲੀਆ ਦੀ ਧਰਤੀ ‘ਤੇ ਪੰਜਵਾਂ ਸੈਂਕੜਾ ਹੈ।

ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਜੋੜੀ ਨੇ ਠੀਕ ਸ਼ੁਰੂਆਤ ਕੀਤੀ ਤੇ ਤੀਜੇ ਸਥਾਨ ‘ਤੇ ਕੋਹਲੀ ਨੇ ਆ ਕੇ ਫੱਟੇ ਚੱਕ ਬੱਲੇਬਾਜ਼ੀ ਕੀਤੀ। ਪਰ ਕੋਹਲੀ ਮਗਰੋਂ ਦੌੜਾਂ ਦੀ ਰਫ਼ਤਾਰ ਘਟਣ ਕਾਰਨ ਸੰਕਟ ਦੇ ਬੱਦਲ ਬਣਨ ਹੀ ਲੱਗੇ ਸਨ ਕਿ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਮੋਰਚਾ ਸਾਂਭ ਲਿਆ। ਧੋਨੀ ਨੇ 54 ਗੇਂਦਾਂ ਵਿੱਚ ਦੋ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਧੋਨੀ ਨੇ 50ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਛੱਕਾ ਜੜ ਕੇ ਆਸਟ੍ਰੇਲੀਆ ਦੇ ਟੀਚੇ ਦੀ ਬਰਾਬਰੀ ਕਰ ਲਈ, ਅਗਲੀ ਗੇਂਦ ‘ਤੇ ਆਸਾਨ ਇੱਕ ਰਨ ਲੈ ਕੇ ਮੈਚ ਜਿੱਤਿਆ।

ਮੇਜ਼ਬਾਨ ਟੀਮ ਨੇ ਸੰਯੁਕਤ ਖੇਡ ਦਾ ਮੁਜ਼ਾਹਰਾ ਕੀਤਾ ਤੇ ਇੱਕ ਬੱਲੇਬਾਜ਼ ਤੋਂ ਇਲਾਵਾ ਕਿਸੇ ਵੀ ਖਿਡਾਰੀ ਨੇ ਅਰਧ ਸੈਂਕੜਾ ਵੀ ਪੂਰਾ ਨਹੀਂ ਕੀਤਾ। ਫਿਰ ਵੀ ਨੌਂ ਵਿਕਟਾਂ ਦੇ ਨੁਕਸਾਨ ‘ਤੇ 298 ਦੌੜਾਂ ਬਣਾ ਲਈਆਂ, ਜਿਸ ਵਿੱਚ ਸ਼ੌਨ ਮਾਰਸ਼ ਦੀਆਂ ਸ਼ਾਨਦਾਰ 131 ਦੌੜਾਂ ਵੀ ਸ਼ਾਮਲ ਹਨ। ਬੇਸ਼ੱਕ ਬੱਲੇਬਾਜ਼ਾਂ ਨੇ ਆਪਣਾ ਕੰਮ ਕੀਤਾ ਪਰ ਆਸਟ੍ਰੇਲੀਆਈ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਨੂੰ ਠੱਲ੍ਹਣ ਵਿੱਚ ਨਾਕਾਮ ਰਹੇ। ਦੂਜੇ ਮੈਚ ਵਿੱਚ ਭਾਰਤ ਦੀ ਜਿੱਤ ਨਾਲ ਹੁਣ ਲੜੀ ਦਾ ਆਖ਼ਰੀ ਮੈਚ ਕਾਫੀ ਰੁਮਾਂਚਕ ਰਹੇਗਾ।

Source:AbpSanjha