ਚੋਥੇ ਵਨਡੇ ਵਿੱਚ ਆਸਟ੍ਰੇਲੀਆ ਦੀ ਚਾਰ ਵਿਕਟਾਂ ਨਾਲ ਜਿੱਤ, 359 ਦੌੜਾਂ ਦੇ ਵਿਸ਼ਾਲ ਟੀਚੇ ਮਗਰੋਂ ਹਾਰੀ ਭਾਰਤੀ ਟੀਮ

India vs Australia 4th odi in mohali

359 ਦੌੜਾਂ ਦੇ ਵਿਸ਼ਾਲ ਟੀਚੇ ਦੇ ਬਾਵਜੂਦ ਭਾਰਤੀ ਟੀਮ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਤੀਜੇ ਮੈਚ ਨੂੰ ਜਿੱਤ ਵਿੱਚ ਤਬਦੀਲ ਕਰਨ ‘ਚ ਨਾਕਾਮਯਾਬ ਰਹੀ ਅਤੇ ਮਹਿਮਾਨ ਟੀਮ ਹੱਥੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆਈ ਖਿਡਾਰੀਆਂ ਨੇ ਜ਼ਬਰਦਸਤ ਕ੍ਰਿਕੇਟ ਦਾ ਮੁਜ਼ਾਹਰਾ ਕਰਦਿਆਂ ਮੈਚ ਚਾਰ ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਸ਼ਿਖਰ ਧਵਨ ਦਾ ਸੈਂਕੜਾ ਅਤੇ ਰੋਹਿਤ ਸ਼ਰਮਾ ਦਾ ਅਰਧ ਸੈਂਕੜਾ ਬੇਕਾਰ ਗਿਆ।

ਹਾਲਾਂਕਿ ਆਸਟ੍ਰੇਲੀਆ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਸੀ ਰਹੀ ਪਰ ਬੱਲੇਬਾਜ਼ਾਂ ਨੇ ਹੌਸਲਾ ਨਾ ਛੱਡਿਆ ਅਤੇ ਮੈਚ ਸੰਭਾਲਿਆ। ਮਹਿਮਾਨ ਟੀਮ ਵੱਲੋਂ ਮੈਚ ਦੇ ਹੀਰੋ ਪੀਟਰ ਹੈਂਡਸਕਾਂਬ ਰਹੇ, ਜਿਸ ਨੇ 117 ਦੀ ਸ਼ਾਨਦਾਰ ਪਾਰੀ ਖੇਡੀ। ਮੱਧ ਕ੍ਰਮ ਦੇ ਬੱਲੇਬਾਜ਼ ਐਸ਼ਟੋਨ ਟਰਨਰ ਨੇ 43 ਗੇਂਦਾਂ ‘ਤੇ ਧੂੰਆਂਧਾਰ 84 ਦੌੜਾਂ ਜੜੀਆਂ ਅਤੇ ਟੀਮ ਨੂੰ ਜਿੱਤ ਦੀਆਂ ਬਰੂਹਾਂ ਤਕ ਪਹੁੰਚਾ ਦਿੱਤਾ। ਇਸ ਦੇ ਨਾਲ ਹੀ ਉਸਮਾਨ ਖ਼ਵਾਜ਼ਾ ਨੇ 91 ਦੌੜਾਂ ਦਾ ਸ਼ਾਨਦਾਰ ਯੋਗਦਾਨ ਪਾਇਆ।

ਮੈਚ ਵਿੱਚ ਭਾਰਤੀ ਗੇਂਦਬਾਜ਼ ਫੇਲ੍ਹ ਹੁੰਦੇ ਵਿਖਾਈ ਦਿੱਤੇ। ਸਿਰਫ਼ ਜਸਪ੍ਰੀਤ ਬੁੰਮਰਾਹ ਨੇ ਨੌਂ ਓਵਰਾਂ ਵਿੱਚ 63 ਦੌੜਾਂ ਦੇ ਕੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ। ਭੁਵਨੇਸ਼ਵਰ ਕੁਮਾਰ ਤੇ ਕੁਲਦੀਪ ਯਾਦਵ ਨੇ ਇੱਕ-ਇੱਕ ਖਿਡਾਰੀ ਨੂੰ ਆਊਟ ਕੀਤਾ। ਭਾਰਤ ਦੇ ਸਭ ਤੋਂ ਮਹਿੰਗੇ ਗੇਂਦਬਾਜ਼ ਯਜੁਵੇਂਦਰ ਚਹਿਲ ਰਹੇ ਜਿਸ ਨੇ 80 ਦੌੜਾਂ ਦੇ ਕੇ ਸਿਰਫ ਇੱਕ ਵਿਕਟ ਹਾਸਲ ਕੀਤੀ।

ਆਸਟ੍ਰੇਲੀਆ ਦੀ ਇਸ ਜਿੱਤ ਦੇ ਨਾਲ ਪੰਜ ਇੱਕ ਦਿਨਾਂ ਮੈਚਾਂ ਦੀ ਲੜੀ ਵਿੱਚ ਦੋਵੇਂ ਟੀਮਾਂ ਦੋ-ਦੋ ਦੀ ਬਰਾਬਰੀ ‘ਤੇ ਆਣ ਖੜ੍ਹੀਆਂ ਹਨ। 13 ਮਾਰਚ ਨੂੰ ਫੈਸਲਾਕੁੰਨ ਮੁਕਾਬਲਾ ਦਿੱਲੀ ਵਿੱਚ ਹੋਣਾ ਹੈ। ਭਾਰਤੀ ਟੀਮ ਦਾ ਵਿਸ਼ਵ ਕੱਪ ਤੋਂ ਪਹਿਲਾਂ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ, ਅੱਜ ਦੇ ਮੈਚ ਵਿੱਚ ਟੀਮ ਦੀ ਗੇਂਦਬਾਜ਼ੀ ਅਤੇ ਫੀਲਡਿੰਗ ਕਾਫੀ ਕਮਜ਼ੋਰ ਨਜ਼ਰ ਆਈ, ਜਿਸ ‘ਤੇ ਸਖ਼ਤ ਮਿਹਨਤ ਦੀ ਲੋੜ ਹੈ।

Source:AbpSanjha