ਹੜ੍ਹ ਦੇ ਕਹਿਰ ਕਰਕੇ ਟੁੱਟਿਆ ਪੰਜਢੇਰਾਂ ਅਤੇ ਮੀਓਂਵਾਲ ਪਿੰਡ ਦਾ ਬੰਨ੍

satluj river

ਪੰਜਾਬ ਵਿੱਚ ਹੋਈ ਭਾਰੀ ਬਾਰਿਸ਼ ਦੇ ਕਾਰਨ ਪੰਜਾਬ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਕਈ ਪਿੰਡਾਂ ਨੂੰ ਤਬਾਹ ਕਰ ਦਿੱਤਾ ਹੈ। ਹਜ਼ਾਰਾਂ ਏਕੜ ਦੇ ਹਿਸਾਬ ਨਾਲ ਲੋਕਾਂ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ। ਭਾਰੀ ਬਾਰਿਸ਼ ਕਰਕੇ ਆਏ ਹੜ੍ਹ ਕਰਕੇ ਸਤਲੁਜ ਦਰਿਆ ਦੇ ਨੇੜਲੇ ਇਲਾਕੇ ਦੇ ਲੋਕ ਬੇਘਰ ਹੋ ਗਏ ਹਨ। ਬੀਤੇ ਦਿਨ ਸਵੇਰ ਤੋਂ ਹੀ ਪ੍ਰਸ਼ਾਸਨ ਦੇ ਅਧਿਕਾਰੀ ਪਿੰਡ ‘ਚ ਪੁੱਜ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਵਿਚ ਲੱਗੇ ਹੋਏ ਸਨ।

ਜਾਣਕਾਰੀ ਅਨੁਸਾਰ ਰਾਤ 11 ਵਜੇ ਜਦੋਂ ਭਾਖੜਾ ਡੈਮ ਵਿੱਚੋਂ ਲੱਖਾਂ ਕਿਊਸਕ ਪਾਣੀ ਛੱਡਿਆ ਗਿਆ ਹੈ ਜਿਸ ਕਰਕੇ ਸਤਲੁਜ ਦਰਿਆ ਦੇ ਪਾਣੀ ਪਾਣੀ ਦਾ ਪੱਧਰ ਹੋਰ ਜਿਆਦਾ ਵਧ ਗਿਆ ਹੈ। ਪਾਣੀ ਦਾ ਪੱਧਰ ਵਧਣ ਕਰਕੇ ਰਾਤ ਨੂੰ ਪਿੰਡ ਪੰਜਢੇਰਾਂ ਦੇ ਨੇੜੇ ਪੈਂਦਾ ਸਤਲੁਜ ਦਰਿਆ ਬੰਨ੍ਹ ਟੁੱਟ ਗਿਆ ਅਤੇ ਸਵੇਰੇ 4 ਵਜੇ ਮੀਓਂਵਾਲ ਦਾ ਬੰਨ੍ਹ ਟੁੱਟ ਗਿਆ, ਜਿਸ ਨਾਲ ਦਰਿਆ ਦਾ ਪਾਣੀ ਸਵੇਰ ਹੁੰਦੇ ਹੁੰਦੇ 30 ਪਿੰਡਾਂ ‘ਚ ਦਾਖਲ ਹੋ ਗਿਆ।

ਇਹ ਵੀ ਪੜ੍ਹੋ: ਬਠਿੰਡਾ ਵਿੱਚ ਇੱਕ ਮੰਦਬੁੱਧੀ ਮਹਿਲਾ ਬਣੀ ਹਵਸ ਦਾ ਸ਼ਿਕਾਰ

ਭਾਰੀ ਬਾਰਿਸ਼ ਹੋਣ ਕਰਕੇ ਆਏ ਹੜ੍ਹ ਦੇ ਪਾਣੀ ਨਾਲ ਅਧਿਕਾਰੀਆਂ ਮੁਤਾਬਕ ਲੱਖਾਂ ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ। ਲੋਕਾਂ ਦੇ ਘਰਾਂ ਅਤੇ ਖੇਤਾਂ ‘ਚ ਹੜ੍ਹ ਦਾ ਪਾਣੀ 5 ਤੋਂ 6 ਫੁੱਟ ਤੱਕ ਪੁੱਜਾ ਹੋਇਆ ਸੀ। ਪਿੰਡ ਮੀਓਂਵਾਲ ਦੇ ਵਾਸੀ ਮਨਜੀਤ ਸਿੰਘ ਭੁੱਲਰ, ਅਮਰਜੀਤ ਸਿੰਘ ਅਤੇ ਜਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਹੁੰਦਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਵੀਡੀਓ ਫਿਲਮ ਤਿਆਰ ਕਰ ਕੇ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਜਲੰਧਰ ਅਤੇ ਐੱਸ. ਡੀ. ਐੱਮ. ਫਿਲੌਰ ਨੂੰ ਭੇਜ ਕੇ ਪਹਿਲਾਂ ਹੀ ਅਗਾਹ ਕਰ ਦਿੱਤਾ ਸੀ ਕਿ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਨਾ ਰੋਕਿਆ ਗਿਆ ਤਾਂ ਦਰਿਆ ‘ਚ ਪਾਣੀ ਦਾ ਪੱਧਰ ਵਧਦੇ ਹੀ ਬੰਨ੍ਹ ਟੁੱਟ ਸਕਦਾ ਹੈ।

ਉਹਨਾਂ ਦਾ ਕਹਿਣਾ ਹੈ ਕਿ ਇਸ ਉੱਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦਾ ਖਮਿਆਜ਼ਾ ਅੱਜ 30 ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪਿਆ। ਜਿੱਥੇ ਨਾਜਾਇਜ਼ ਮਾਈਨਿੰਗ ਚਲਦੀ ਸੀ ਉੱਥੋਂ ਬੰਨ੍ਹ ਟੁੱਟਾ ਹੈ, ਜਿਸ ਨਾਲ ਪਾਣੀ ਤੇਜ਼ੀ ਨਾਲ ਪਿੰਡਾਂ ‘ਚ ਦਾਖਲ ਹੋਇਆ। ਲੱਖਾਂ ਏਕੜ ਦੇ ਹਿਸਾਬ ਨਾਲ ਕਿਸਾਨਾਂ ਦੀ ਫ਼ਸਲ ਤਬਾਹ ਹੋ ਚੁੱਕੀ। ਪੰਜਾਬ ਦੇ ਕੁੱਝ ਪਿੰਡਾਂ ਵਿੱਚ ਲੋਕ ਘਰ ਦੀਆਂ ਛੱਤਾਂ ਦੇ ਉੱਪਰ ਬੈਠੇ ਹੋਏ ਹਨ।