ਬਾਰਿਸ਼ ਦੇ ਨਾਲ ਧੂੰਏ ਤੋਂ ਮਿਲੀ ਰਾਹਤ, ਪਰ ਕਿਸਾਨਾਂ ਤੇ ਢਾਹਿਆ ਕਹਿਰ

rain-in-punjab

ਬਾਰਿਸ਼ ਹੋਣ ਦੇ ਨਾਲ ਆਮ ਲੋਕਾਂ ਨੂੰ ਧੂੰਏ ਤੋਂ ਤਾਂ ਰਾਹਤ ਮਿਲ ਗਈ ਹੈ ਪਰ ਪੰਜਾਬ ਦੇ ਕਿਸਾਨਾਂ ਦੇ ਉਪਰ ਇਸ ਬਾਰਿਸ਼ ਨੇ ਕਹਿਰ ਢਾਹਿਆ ਹੈ। ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤੇਜ ਬਾਰਿਸ਼ ਦੇ ਨਾਲ ਗੜ੍ਹੇਮਾਰੀ ਵੀ ਹੋਈ ਹੈ। ਜਿਸ ਦੇ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਪੱਕੀ ਫਸਲ ਲਈ ਇਹ ਮੀਂਹ ਕਹਿਰ ਵਾਂਗ ਹੈ। ਇਸ ਤੋਂ ਇਲਾਵਾ ਕਿਸਾਨਾਂ ਦਾ ਮੰਡੀਆਂ ਵਿੱਚ ਪਏ ਝੋਨੇ ਦਾ ਵੀ ਨੁਕਸਾਨ ਹੋਇਆ ਹੈ। ਕਈ ਇਲਾਕਿਆਂ ਵਿੱਚ ਸਬਜ਼ੀ ਦੀ ਫਸਲ ਵੀ ਨੁਕਸਾਨੀ ਗਈ ਹੈ।

ਪੰਜਾਬ ਦੇ ਖੇਤੀਬਾੜੀ ਵਿਭਾਗ ਦੀ ਜਾਣਕਾਰੀ ਦੇ ਅਨੁਸਾਰ ਇਸ ਬਾਰਿਸ਼ ਦੇ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੋਇਆ ਹੈ। ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਜ਼ਬਰਦਸਤ ਗੜੇਮਾਰੀ ਹੋਈ ਹੈ ਜਿਸ ਕਾਰਨ ਝੋਨੇ ਦੀ ਕਿਸਮ 1121 ਜਿਸ ਦੀ ਅਜੇ ਤੱਕ ਕਟਾਈ ਨਹੀਂ ਹੋਈ ਸੀ ਹੋਈ, ਉਹ ਪੂਰੀ ਤਰ੍ਹਾਂ ਖੇਤਾਂ ਵਿੱਚ ਹੀ ਝੜ ਗਈ ਹੈ। ਮੰਡੀਆਂ ’ਚ ਪਈ ਬਾਸਮਤੀ ਦੀ ਫਸਲ 50 ਫੀਸਦੀ ਤੱਕ ਨੁਕਸਾਨੀ ਗਈ ਹੈ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਤੇਜ਼ ਮੀਂਹ ਪਿਆ ਹੈ।

ਜ਼ਰੂਰ ਪੜ੍ਹੋ: ਦੋਰਾਹਾ ਵਿੱਚ ਥਾਣੇਦਾਰ ਮਹਿੰਦਰ ਪਾਲ ਨੂੰ ਰਿਸ਼ਵਤ ਲੈਂਦਿਆਂ ਫੜ੍ਹਿਆ ਰੰਗੇ ਹੱਥੀਂ

ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਨਰਮਾ ਪੱਟੀ ਵਿੱਚ ਮੀਂਹ ਪੈਣ ਕਾਰਨ ਨਰਮੇ ਤੇ ਕਪਾਹ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਮੌਸਮ ਵਿਭਾਗ ਦੇ ਅਨੁਸਾਰ ਮਾਲਵੇ ਦੇ ਕੁਝ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਤੇ ਲੁਧਿਆਣਾ ਦੇ ਕੁੱਝ ਹਿੱਸਿਆਂ ਵਿੱਚ ਵੀ ਬਾਰਸ਼ ਹੋਈ ਹੈ। ਕੰਢੀ ਖੇਤਰ ਦੇ ਕੁਝ ਜ਼ਿਲ੍ਹਿਆਂ ਸਮੇਤ ਪਟਿਆਲਾ, ਮੁਹਾਲੀ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਹੋਰਨੀਂ ਥਾਈਂ ਵੀ ਮੀਂਹ ਪਿਆ ਹੈ।