ਕਾਂਗਰਸ ਵੱਲੋਂ ਮੁਅੱਤਲ ਕਰਨ ਮਗਰੋਂ ਵਿਧਾਇਕ ਜ਼ੀਰਾ ਨੇ ਜਾਖੜ ਤੇ ਲਾਏ ਇਹ ਇਲਜ਼ਾਮ

MLA Kulbir Singh Zira

ਪੰਜਾਬ ਕਾਂਗਰਸ ਵੱਲੋਂ ਮੁਅੱਤਲ ਕਰਨ ਮਗਰੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਭ੍ਰਿਸ਼ਟ ਅਫ਼ਸਰਾਂ ਖਿਲਾਫ਼ ਆਪਣੀ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਤੱਥਾਂ ਦੇ ਆਧਾਰ ‘ਤੇ ਹੀ ਅਫ਼ਸਰਾਂ ‘ਤੇ ਇਲਜ਼ਾਮ ਲਾਏ ਹਨ ਤੇ ਇਹ ਲੜਾਈ ਜਾਰੀ ਰਹੇਗੀ। ਵਿਧਾਇਕ ਜ਼ੀਰਾ ਨੇ ਪਾਰਟੀ ਦੀ ਕਾਰਵਾਈ ‘ਤੇ ਵੀ ਹੈਰਾਨੀ ਜਤਾਈ ਹੈ।

ਉਨ੍ਹਾਂ ਕਿਹਾ ਹੈ ਕਿ ਬਿਨਾਂ ਮੁਲਾਕਾਤ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਫੈਸਲਾ ਸੁਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ‘ਤੇ ਅਫ਼ਸਰਾਂ ਦਾ ਦਬਾਅ ਸੀ ਤੇ ਦਬਾਅ ਹੀ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ। ਅਹਿਮ ਗੱਲ਼ ਇਹ ਵੀ ਹੈ ਕਿ ਪਹਿਲਾਂ ਵੀ ਕਈ ਵਿਧਾਇਕ ਸਰਕਾਰੀ ਕਾਰਗੁਜ਼ਾਰੀ ਖਿਲਾਫ ਬੋਲ ਚੁੱਕੇ ਹਨ ਪਰ ਕਿਸੇ ‘ਤੇ ਕੋਈ ਕਾਰਵਾਈ ਨਹੀਂ ਹੋਈ।

ਦਰਅਸਲ ਜ਼ੀਰਾ ਨੇ ਇਲਜ਼ਾਮ ਲਾਏ ਸੀ ਕਿ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨਸ਼ਾ ਤਸਕਰਾਂ ਦੀ ਮਦਦ ਕਰਦੇ ਹਨ। ਉਨ੍ਹਾਂ ਇਸ ਦੇ ਰੋਸ ਵਜੋਂ ਬੀਤੀ 12 ਜਨਵਰੀ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਦੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪੁਲਿਸ ਖ਼ਿਲਾਫ਼ ਆਪਣੀ ਭੜਾਸ ਕੱਢ ਕੇ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ।ਪਾਰਟੀ ਨੇ ਆਪਣੇ ਵਿਧਾਇਕ ਵੱਲੋਂ ਲਾਏ ਇਲਜ਼ਾਮਾਂ ਦੀ ਜਾਂਚ ਦੀ ਬਜਾਏ ਉਸ ਨੂੰ ਹੀ ਝਟਕਾ ਦੇ ਦਿੱਤਾ ਹੈ।

ਹਾਲਾਂਕਿ, ਜ਼ੀਰਾ ਨੇ ਬੀਤੀ 14 ਤਾਰੀਖ਼ ਨੂੰ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸੁਰੇਸ਼ ਅਰੋੜਾ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਆਈਜੀ ਛੀਨਾ ਵਿਰੁੱਧ ਜਾਂਚ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਡੀਜੀਪੀ ਨੇ ਛੀਨਾ ਵਿਰੁੱਧ ਜਾਂਚ ਦੇ ਨਿਰਦੇਸ਼ ਵੀ ਦੇ ਦਿੱਤੇ ਹਨ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।

Source:AbpSanjha