ਗੁਰਦੁਆਰੇ ਦੀ ਫ਼ੋਟੋ ਵਾਲੇ ਕੱਪ ‘ਚ ਚਾਹ ਪੀ ਰਹੇ ਸਾਂਪਲਾ ਆਏ ਸਿੱਖ ਜਥੇਬੰਦੀਆਂ ਦੇ ਨਿਸ਼ਾਨੇ ‘ਤੇ

vijay sampla

ਕੇਂਦਰੀ ਮੰਤਰੀ ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਵਿਜੈ ਸਾਂਪਲਾ ਸਿੱਖ ਜਥੇਬੰਦੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਸੋਸ਼ਲ ਮੀਡੀਆ ਵਿੱਚ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋਈ ਹੈ ਜਿਸ ਵਿੱਚ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਗੁਰਦੁਆਰੇ ਦੀ ਫ਼ੋਟੋ ਵਾਲੇ ਕੱਪ ਵਿੱਚ ਚਾਹ ਪੀ ਰਹੇ ਹਨ। ਫ਼ੋਟੋ ਵਿੱਚ ਸਾਂਪਲਾ ਆਪਣੇ ਘਰ ਕਿਸੇ ਨਾਲ ਗੱਲਬਾਤ ਕਰਦਿਆਂ ਇਸ ਕੱਪ ਵਿੱਚ ਚਾਹ ਪੀਂਦੇ ਨਜ਼ਰ ਆ ਰਹੇ ਹਨ।

vijay sampla

ਸਿੱਖ ਜਥੇਬੰਦੀਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉੱਪਰ ਵੀ ਉਨ੍ਹਾਂ ਦੀ ਖੂਬ ਅਲੋਚਨਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੰਤਰੀ ਦੀ ਧਾਰਮਿਕ ਭਾਵਨਾਵਾਂ ਪ੍ਰਤੀ ਕਿੰਨੀ ਕੁ ਸੰਵੇਦਨਾ ਹੈ, ਇਸ ਤੋਂ ਜ਼ਾਹਿਰ ਹੋ ਰਿਹਾ ਹੈ। ਉਧਰ, ਸਾਂਪਲਾ ਨੇ ਇਸ ਨੂੰ ਬੇਧਿਆਨੀ ਨਾਲ ਹੋਈ ਭੁੱਲ ਦੱਸਿਆ ਹੈ।

ਸਿਆਸੀ ਪਾਰਟੀਆਂ ਵੀ ਇਸ ਦੀ ਅਲੋਚਨਾ ਕਰ ਰਹੀਆਂ ਹਨ। ਕਾਂਗਰਸ ਦੀ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੇ ਕਿਹਾ ਕਿ ਆਗੂਆਂ ਨੂੰ ਅਜਿਹੀਆਂ ਗੱਲਾਂ ਪ੍ਰਤੀ ਵਧੇਰੇ ਸੁਚੇਤ ਹੋਣਾ ਚਾਹੀਦਾ ਹੈ। ਅਜਿਹੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੇ।

Source: AbpSanjha