ਅਮਰੀਕਾ ‘ਚ ਮਿਲੇਗਾ ਦਸਤਾਰ ਨਾ ਉਤਾਰਨ ‘ਤੇ ਅੜੇ ਸਿੱਖ ਨੂੰ ਵੱਡਾ ਸਨਮਾਨ

security stopping gurinder singh khalsa in usa due to wearing turban

ਹਰਿਆਣਾ ਦੇ ਜ਼ਿਲ੍ਹੇ ਅੰਬਾਲਾ ਦੇ ਛੋਟੇ ਜਿਹੇ ਪਿੰਡ ਅਧੋਈ ਦੇ ਗੁਰਿੰਦਰ ਸਿੰਘ ਖ਼ਾਲਸਾ ਦੀ ਪੱਗ ਉਤਾਰ ਕੇ ਤਲਾਸ਼ੀ ਨਾ ਦੇਣ ਦੀ ਜ਼ਿਦ ਦੀ ਕਦਰ ਅਮਰੀਕਾ ਨੇ ਕੀਤੀ ਹੈ। ਸਾਲ 2007 ਵਿੱਚ ਹੋਈ ਇਸ ਘਟਨਾ ਉਪਰੰਤ ਅਮਰੀਕਾ ਨੇ ਸਿੱਖਾਂ ਨੂੰ ਪਗੜੀ ਸਮੇਤ ਹਵਾਈ ਸਫ਼ਰ ਕਰਨ ਤੋਂ ਵੀ ਛੋਟ ਦਿੱਤੀ ਸੀ। ਹੁਣ ਖ਼ਾਲਸਾ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਅਮਰੀਕੀ ਮੈਗ਼ਜ਼ੀਨ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਗੁਰਿੰਦਰ ਸਿੰਘ ਖ਼ਾਲਸਾ ਨੂੰ ਸਾਲ 2007 ਦੌਰਾਨ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ ‘ਤੇ ਪੱਗ ਬੰਨ੍ਹੀ ਹੋਣ ਕਰਕੇ ਉੱਥੋਂ ਜ਼ਬਰੀ ਹਟਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ। ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਅਮਰੀਕਾ ਵਿੱਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ।

ਅਮਰੀਕੀ ਨਿਯਮਾਂ ਮੁਤਾਬਕ ਜੇਕਰ 20,000 ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣਗੇ ਪਰ ਖ਼ਾਲਸਾ ਨੇ 67,000 ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ। ਫਿਰ ਅਮਰੀਕਾ ਨੂੰ ਵੀ ਉਨ੍ਹਾਂ ਅੱਗੇ ਝੁਕਣਾ ਪਿਆ ਤੇ ਸਿੱਖਾਂ ਨੂੰ ਦਸਤਾਰ ਸਮੇਤ ਸਫ਼ਰ ਕਰਨ ਦੀ ਖੁੱਲ੍ਹ ਮਿਲੀ।

short movie gurinder singh khalsa in usa due to wearing turban

ਗੁਰਿੰਦਰ ਸਿੰਘ ਖ਼ਾਲਸਾ ਦੀ ਕਹਾਣੀ ਤੋਂ ਪ੍ਰਭਾਵਿਤ ਹੋਏ ਯੂਐਸਏ ਮਾਇਨੌਰਿਟੀ ਬਿਜ਼ਨੈਸ ਮੈਗ਼ਜ਼ੀਨ ਨੇ 18 ਜਨਵਰੀ 2019 ਨੂੰ ਖ਼ਾਲਸਾ ਨੂੰ “ਰੋਜ਼ਾ ਪਾਰਕ ਟ੍ਰੈਵਲਰ ਐਵਾਰਡ” ਦੇਣ ਦਾ ਫੈਸਲਾ ਕੀਤਾ ਹੈ, ਜੋ ਆਪਣੀ ਕਿਸਮ ਦੇ ਤਿੰਨ ਸਰਬਉੱਚ ਸਨਮਾਨਾਂ ਵਿੱਚੋਂ ਇੱਕ ਹੈ। ਹੁਣ ਖ਼ਾਲਸਾ ਆਪਣੀ ਕਹਾਣੀ ਨੂੰ ਲਘੂ ਫ਼ਿਲਮ ਦੇ ਰੂਪ ਵਿੱਚ ਦਿਖਾਉਣਗੇ, ਜਿਸ ਦਾ ਨਾਂਅ ‘ਸਿੰਘ’ ਰੱਖਿਆ ਗਿਆ ਹੈ। ਗੁਰਿੰਦਰ ਸਿੰਘ ਖ਼ਾਲਸਾ ਸਿੱਖ ਪੁਲੀਟੀਕਲ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਹਨ ਤੇ ਅਮਰੀਕਾ ਵਿੱਚ ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।

Source:AbpSanjha