ਪੁਲਿਸ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ, ਕਬਾੜ ‘ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕੇਟ ਲਾਂਚਰ

hand grenades and rocket launcher sold as scrap

ਤਰਨ ਤਾਰਨ: ਕਸਬਾ ਪੱਟੀ ‘ਚ ਐਤਵਾਰ ਨੂੰ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਥਾਣੇ ‘ਚੋਂ ਚੁਕਵਾਏ ਗਏ ਕਬਾੜ ਵਿੱਚ ਤਿੰਨ ਹੈਂਡ ਗ੍ਰਨੇਡ ਅਤੇ ਇੱਕ ਰਾਕੇਟ ਲਾਂਚਰ ਵੀ ਚੁਕਵਾ ਦਿੱਤਾ ਗਿਆ। ਇੰਨਾ ਹੀ ਨਹੀਂ ਰਿਕਸ਼ੇ ਵਾਲੇ ਦੇ ਨਾਲ ਕਬਾੜ ਦੀ ਦੁਕਾਨ ਤਕ ਥਾਣੇ ਦਾ ਇੱਕ ਸਫਾਈ ਕਰਮਚਾਰੀ ਵੀ ਗਿਆ ਸੀ ਜੋ ਸਾਮਾਨ ਵੇਚ ਕੇ ਵਾਪਸ ਪਰਤ ਆਇਆ। ਬਾਰੂਦ ਦਾ ਉਕਤ ਸਾਮਾਨ ਰਿਕਸ਼ਾ ਚਾਲਕ ਕਿਸ ਤਰ੍ਹਾਂ ਲੈ ਗਿਆ ਇਸ ਬਾਰੇ ਪੁਲਿਸ ਕਰਮਚਾਰੀ ਕੁਝ ਦੱਸਣ ਨੂੰ ਤਿਆਰ ਨਹੀਂ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਪੱਟੀ ਦੇ ਰਿਕਸ਼ਾ ਚਾਲਕ ਵੱਲੋਂ ਲਿਫਾਫਾ ਬਰਸਾਤੀ ਨਾਲੇ ਵਿੱਚ ਸੁੱਟਿਆ ਗਿਆ ਤਾਂ ਆਸ-ਪਾਸ ਦੇ ਲੋਕਾਂ ਦੀ ਉਸ ‘ਤੇ ਨਜ਼ਰ ਪੈ ਗਈ। ਸਾਮਾਨ ਦੇ ਸ਼ੱਕੀ ਹੋਣ ਦਾ ਸ਼ੱਕ ਹੋਣ ‘ਤੇ ਰਿਕਸ਼ਾ ਚਾਲਕ ਨੂੰ ਰੋਕ ਕੇ ਲੋਕਾਂ ਨੇ ਜਦੋਂ ਰੋਹੀ ਵਿਚ ਸੁੱਟਿਆ ਲਿਫਾਫਾ ਬਾਹਰ ਕੱਢਿਆ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਉਸ ਲਿਫਾਫੇ ਵਿਚ ਤਿੰਨ ਹੈਂਡ ਗਰਨੇਡ ਅਤੇ ਇੱਕ ਰਾਕਟ ਲਾਂਚਰ ਵੇਖ ਕੇ ਇਲਾਕੇ ਵਿਚ ਸਨਸਨੀ ਫੈਲ ਗਈ। ਦੁਪਹਿਰ ਸਮੇਂ ਪੀਰਾਂ ਸਾਹਿਬ ਰੋਡ ਤੋਂ ਮਿਲੇ ਉਕਤ ਸਾਮਾਨ ਦੀ ਸੂਚਨਾ ਜਦੋਂ ਪੁਲਿਸ ਦੇ ਕੰਨੀ ਪਈ ਤਾਂ ਥਾਣਾ ਸਿਟੀ ਪੱਟੀ ਦੇ ਮੁਖੀ ਐੱਸਆਈ ਕਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਜਲਦਬਾਜ਼ੀ ਵਿੱਚ ਗ੍ਰਨੇਡ ਅਤੇ ਰਾਕਟ ਲਾਂਚਰ ਨੂੰ ਕਬਜ਼ੇ ਵਿਚ ਲੈ ਲਿਆ।

hand grenades and rocket launcher sold as scrap

ਕਬਾੜੀਏ ਦੀ ਮੰਨੀਏ ਤਾਂ ਉਸ ਕੋਲ ਗਰਨੇਡ ਵਰਗਾ ਕੋਈ ਸਾਮਾਨ ਪੁੱਜਾ ਹੀ ਨਹੀਂ ਸੀ ਜੋ ਕਬਾੜ ਦਾ ਸਾਮਾਨ ਆਇਆ ਸੀ ਉਹ ਉਸ ਨੇ ਵੇਖ ਕੇ ਰੱਖ ਲਿਆ। ਹੋ ਸਕਦਾ ਹੈ ਕਿ ਰਿਕਸ਼ਾ ਚਾਲਕ ਇਹ ਸਮਾਨ ਆਪਣੇ-ਆਪ ਹੀ ਘਰ ਲੈ ਗਿਆ ਹੋਵੇ। ਪੁਲਿਸ ਨੇ ਕਬਾੜੀਏ ਦੀ ਦੁਕਾਨ ‘ਤੇ ਭੇਜਣ ਲਈ ਸਾਮਾਨ ਰਾਜੂ ਪੁੱਤਰ ਕਰਨੈਲ ਸਿੰਘ ਵਾਸੀ ਸਿੰਗਲ ਵਸਤੀ ਨਾਮਕ ਰਿਕਸ਼ਾ ਚਾਲਕ ਨੂੰ ਚੁਕਵਾਇਆ ਸੀ। ਰਾਜੂ ਮੁਤਾਬਿਕ ਉਹ ਥਾਣੇ ‘ਚੋਂ ਸਾਮਾਨ ਲੈ ਕੇ ਕਬਾੜੀਏ ਦੀ ਦੁਕਾਨ ‘ਤੇ ਗਿਆ। ਕਬਾੜੀਏ ਨੇ ਬਾਕੀ ਸਾਮਾਨ ਤਾਂ ਦੇ ਦਿੱਤਾ ਪਰ ਉਕਤ ਬੰਬ ਆਪਣੇ ਘਰ ਲੈ ਗਿਆ।

ਇਹ ਵੀ ਪੜ੍ਹੋ : ਬਠਿੰਡਾ: ਔਰਤ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਸਿਰ ‘ਤੇ ਚੁੱਕ ਕੇ ਕੀਤਾ ਹੰਗਾਮਾ

ਉਸ ਨੇ ਦੱਸਿਆ ਕਿ ਘਰ ਜਾ ਕੇ ਉਹ ਉਕਤ ਬੰਬਾਂ ਨੂੰ ਤੋੜ ਰਿਹਾ ਸੀ ਤਾਂ ਉਸਦੇ ਘਰ ਵਾਲਿਆਂ ਨੇ ਰੋਕਦਿਆਂ ਸਾਮਾਨ ਵਾਪਸ ਕਰਨ ਲਈ ਕਹਿ ਦਿੱਤਾ। ਸਹਿਮ ਕਾਰਨ ਉਹ ਬੰਬ ਥਾਣੇ ਲਿਜਾਣ ਦੀ ਬਜਾਏ ਹੈਂਡ ਗ੍ਰਨੇਡ ਤੇ ਰਾਕੇਟ ਲਾਂਚਰ ਨੂੰ ਨਾਲੇ ਵਿੱਚ ਸੁੱਟ ਦਿੱਤਾ।

ਥਾਣੇ ‘ਚੋਂ ਕਬਾੜ ਦੇ ਨਾਲ ਬੰਬ ਵੀ ਚੁੱਕਵਾ ਦਿੱਤੇ ਜਾਣ ਬਾਰੇ ਜਦੋਂ ਥਾਣਾ ਮੁਖੀ ਕਰਨਜੀਤ ਸਿੰਘ ਨੂੰ ਪੁੱਛਿਆ ਤਾਂ ਉਹ ਇਸ ਬਾਰੇ ਕੋਈ ਜਵਾਬ ਨਾ ਦੇ ਸਕੇ। ਹਾਲਾਂਕਿ ਉਨ੍ਹਾਂ ਇਹ ਹੀ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਸੂਝਬੂਝ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ। ਬੰਬਾਂ ਨੂੰ ਕਬਜ਼ੇ ਵਿਚ ਲੈ ਗਿਆ ਗਿਆ ਹੈ ਅਤੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।

Source:AbpSanjha