ਸੁਖਪਾਲ ਖਹਿਰਾ ਨੇ ਛੱਡੀ ਵਿਧਾਇਕੀ, ਵਿਧਾਨ ਸਭਾ ਸਪੀਕਰ ਨੂੰ ਭੇਜਿਆ ਅਸਤੀਫ਼ਾ

sukhpal khaira

ਆਮ ਆਦਮੀ ਪਾਰਟੀ ਦੀ ਟਿਕਟ ਤੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਵੀਰਵਾਰ ਨੂੰ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ। ਸੁਖਪਾਲ ਖਹਿਰਾ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਤੋਂ ਚੋਣ ਲੜ ਰਹੇ ਹਨ।

ਆਮ ਆਦਮੀ ਪਾਰਟੀ ‘ਤੋਂ ਵੱਖ ਹੋ ਕੇ ਆਪਣੀ ‘ਪੰਜਾਬ ਏਕਤਾ ਪਾਰਟੀ‘ ਚਲਾਉਣ ਵਾਲੇ ਖਹਿਰਾ ਦੀ ਵਿਧਾਨ ਸਭਾ ਵਿੱਚੋਂ ਮੈਂਬਰੀ ਰੱਦ ਕਰਨ ਲਈ ‘ਆਪ’ ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਿਖਤੀ ਤੌਰ ‘ਤੇ ਅਪੀਲ ਕੀਤੀ ਹੋਈ ਸੀ। ਇਸ ਤੋਂ ਇਲਾਵਾ ਖਹਿਰਾ ਤੇ ਫੂਲਕਾ ਦੀ ਵਿਧਾਇਕੀ ਰੱਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੀ ਕਾਫੀ ਸਮੇਂ ਤੋਂ ਰੌਲਾ ਪਾ ਰਿਹਾ ਸੀ।

ਇਹ ਵੀ ਪੜ੍ਹੋ : ਦਿੱਲੀ ਲਈ ‘ਆਪ’ ਅੱਜ ਕਰੇਗੀ ਮੈਨੀਫੈਸਟੋ ਜਾਰੀ, ਜਾਣੋ ਕਿ ਹੋਣਗੇ ਖਾਸ ਮੁੱਦੇ

ਇਸ ਮਗਰੋਂ ਸੁਖਪਾਲ ਖਹਿਰਾ ਨੂੰ ਐਮਐਲਏ ਦਾ ਅਹੁਦਾ ਛੱਡਣ ਸਬੰਧੀ ਸਪੀਕਰ ਦੇ ਨੋਟਿਸ ਮਿਲਣ ਸਮੇਂ ਵੀ ਖਾਸਾ ਡਰਾਮਾ ਹੋਇਆ। ਕਈ ਮਹੀਨਿਆਂ ਬਾਅਦ ਖਹਿਰਾ ਨੂੰ ਨੋਟਿਸ ਮਿਲਿਆ। ਹੁਣ ਖਹਿਰਾ ਨੇ ਖ਼ੁਦ ਹੀ ਵਿਧਾਇਕ ਦਾ ਅਹੁਦਾ ਛੱਡਣ ਦਾ ਫੈਸਲਾ ਕਰ ਲਿਆ ਹੈ।

ਖਹਿਰਾ ਦੇ ਅਸਤੀਫ਼ੇ ‘ਤੇ ਫੈਸਲਾ ਸਪੀਕਰ ਨੇ ਕਰਨਾ ਹੈ। ਹਾਲਾਂਕਿ, ਐਚਐਸ ਫੂਲਕਾ ਵੀ ਵਿਧਾਇਕੀ ਤੋਂ ਕਈ ਵਾਰ ਅਸਤੀਫ਼ਾ ਦੇ ਚੁੱਕੇ ਪਰ ਸਪੀਕਰ ਨੂੰ ਉਨ੍ਹਾਂ ਦਾ ਅਸਤੀਫ਼ਾ ਸਹੀ ਢੰਗ ‘ਚ ਲਿਖਿਆ ਨਹੀਂ ਜਾਪਦਾ। ਹੁਣ ਦੇਖਣਾ ਹੋਵੇਗਾ ਕਿ ਖਹਿਰਾ ਦੇ ਅਸਤੀਫ਼ੇ ਦਾ ਕੀ ਅੰਜਾਮ ਹੁੰਦਾ ਹੈ।

Source:AbpSanjha