ਸੁਖਪਾਲ ਖਹਿਰਾ ਕਰ ਰਹੇ ਨਵੀਂ ਪਾਰਟੀ ਦਾ ਐਲਾਨ

sukhpal khaira

ਪੁਰਾਣੀ ਤਸਵੀਰ

ਆਮ ਆਦਮੀ ਪਾਰਟੀ (ਆਪ) ਨੂੰ ਅਲਵਿਦਾ ਕਹਿਣ ਮਗਰੋਂ ਸੁਖਪਾਲ ਸਿੰਘ ਖਹਿਰਾ ਅੱਜ ਤੋਂ ਨਵੀਂ ਸਿਆਸੀ ਉਡਾਣ ਭਰਨ ਜਾ ਰਹੇ ਹਨ। ਉਹ ਅੱਜ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਰਹੇ ਹਨ। ਇਸ ਸਿਆਸੀ ਪਾਰਟੀ ਦਾ ਨਾਂ ਪੰਜਾਬੀ ਏਕਤਾ ਪਾਰਟੀ ਹੋਏਗਾ।

ਇਸ ਦੇ ਨਾਲ ਹੀ ਚਰਚਾ ਹੈ ਕਿ ਖਹਿਰਾ ਲੋਕ ਸਭਾ ਹਲਕਾ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ ਲੜ ਸਕਦੇ ਹਨ। ਖਹਿਰਾ ਨਵੀਂ ਪਾਰਟੀ ਦਾ ਐਲਾਨ ਕਰਕੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ‘ਪੰਜਾਬ ਮੰਚ’ ਨਾਲ ਬਣਾਏ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਨਾਲ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ।

ਖਹਿਰਾ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਹਰੇਕ ਚੋਣ ਲੜਨ ਲਈ ਤਿਆਰ ਹਨ ਤੇ ਕਿਸੇ ਵੀ ਚੋਣ ਤੋਂ ਨਹੀਂ ਭੱਜਣਗੇ। ਉਨ੍ਹਾਂ ਕਿਹਾ ਕਿ ਕਿਹਾ ਹੈ ਕਿ ਪੀਡੀਏ ਦੀ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿੱਚ ਸਾਰਿਆਂ ਦੀ ਰਾਏ ਅਨੁਸਾਰ ਹੀ ਉਹ ਲੋਕ ਸਭਾ ਚੋਣ ਲੜਨ ਬਾਰੇ ਕੋਈ ਫੈਸਲਾ ਲੈਣਗੇ।

ਉਂਝ ਲੱਗਦਾ ਹੈ ਕਿ ਖਹਿਰਾ ਵਿਧਾਇਕੀ ਨਹੀਂ ਛੱਡਣਗੇ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਕੋਈ ਤੁਕ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਲੀਡਰ ਇੰਨੇ ਹੀ ਔਖੇ ਹਨ ਤਾਂ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਕਰਕੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਵਾ ਦੇਣ।

Source:AbpSanjha