ਲੋਕ ਸਭਾ ਚੋਣ ਲੜਨ ਬਾਰੇ ਸੁਖਬੀਰ ਬਾਦਲ ਨੇ ਕੀਤਾ ਖੁਲਾਸਾ

Sukhbir Badal

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਇੱਕ-ਇੱਕ ਕਰਕੇ ਆਪਣੇ ਪੱਤੇ ਖੋਲ੍ਹ ਰਹੀਆਂ ਹਨ ਯਾਨੀ ਉਮੀਦਵਾਰ ਚੋਣ ਮੈਦਾਨ ‘ਚ ਉਤਾਰ ਰਹੀਆਂ ਹਨ। ਅਕਾਲੀ ਦਲ ਨੇ ਵੱਖ-ਵੱਖ ਲੋਕ ਸਭਾ ਸੀਟਾਂ ਤੋਂ 7 ਉਮੀਦਵਾਰ ਐਲਾਨ ਦਿੱਤੇ ਹਨ। ਬਾਕੀ ਦੇ ਤਿੰਨ ਉਮੀਦਾਵਰ 10-11 ਅਪ੍ਰੈਲ ਤਕ ਐਲਾਨ ਦਿੱਤੇ ਜਾਣਗੇ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਤਵਾਰ ਨੂੰ ਕੀਤਾ।

ਇਹ ਵੀ ਪੜ੍ਹੋ : ਚੰਡੀਗੜ੍ਹ ਸੀਟ ਤੋਂ ਟਿਕਟ ਨਾ ਮਿਲਣ ਮਗਰੋਂ ਨਵਜੋਤ ਕੌਰ ਨੂੰ ਸੁਖਪਾਲ ਖਹਿਰਾ ਵਲੋਂ ਵੱਡੀ ਪੇਸ਼ਕਸ਼

ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਬਾਰੇ ਵੀ ਤਸਵੀਰ ਸਪਸ਼ਟ ਹੋ ਜਾਵੇਗੀ ਕਿ ਦੋਵੇਂ ਕਿੱਥੋਂ ਚੋਣ ਲੜਨਗੇ। ਫਿਲਹਾਲ ਚਰਚਾਵਾਂ ਹਨ ਕਿ ਹਰਸਿਮਰਤ ਬਾਦਲ ਬਠਿੰਡਾ ਤੋਂ ਤੇ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਚੋਣ ਮੈਦਾਨ ‘ਚ ਨਿੱਤਰ ਸਕਦੇ ਹਨ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿੱਥੋਂ ਵੀ ਹਾਈਕਮਾਨ ਹੁਕਮ ਕਰੇਗੀ, ਉਹ ਉੱਥੋਂ ਹੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਦਾ ਫ਼ੈਸਲਾ ਕੋਰ ਕਮੇਟੀ ਕਰਦੀ ਹੈ।

ਸੁਖਬੀਰ ਨੇ ਕਿਹਾ 10-11 ਤਾਰੀਖ ਨੂੰ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਤੇ ਫਿਰੋਜ਼ਪੁਰ ਸਮੇਤ ਰਹਿੰਦੀਆਂ ਤਿੰਨ ਸੀਟਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਸੁਖਬੀਰ ਦੇ ਇਸ ਬਿਆਨ ਤੋਂ ਇਹ ਤਾਂ ਸਪਸ਼ਟ ਹੋ ਗਿਆ ਕਿ ਉਹ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਸੁਖਬੀਰ ਬਾਦਲ ਅੱਜ ਡੇਰਾ ਭਜਨਗੜ੍ਹ ਦੇ ਸੰਤ ਬਾਬਾ ਮੁਖਤਿਆਰ ਸਿੰਘ ਜੀ ਦੇ ਨਮਿੱਤ ਰਖਾਏ ਅਖੰਡ ਪਾਠ ਦੇ ਭੋਗ ਮੌਕੇ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਸਨ।

Source:AbpSanjha