ਸੁਖਬੀਰ ਬਾਦਲ ਦੀ ਰਣਨੀਤੀ ‘ਚ ਬਦਲਾਅ, ਪੰਥਕ ਮੁੱਦਿਆਂ ਤੇ ਸਿਆਸਤ ਵੱਲ ਰੁਝਾਨ

Sukhbir Badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡੇ ਸਿਆਸੀ ਖੋਰੇ ਤੋਂ ਸਬਕ ਲੈਂਦਿਆਂ ਮੁੜ ਪੰਥਕ ਸਿਆਸਤ ਵੱਲ ਮੋੜਾ ਕੱਟ ਲਿਆ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦੀ ਥਾਂ ਮੁੜ ਪੰਥਕ ਪਾਰਟੀ ਦੀ ਦਿੱਖ ਦੇਣ ਲਈ ਕਵਾਇਦ ਵਿੱਢੀ ਹੈ। ਇਸ ਲਈ ਜਿੱਥੇ ਉਹ ਲਗਾਤਾਰ ਪੰਥਕ ਮੁੱਦਿਆਂ ‘ਤੇ ਹੀ ਸਿਆਸਤ ਕੇਂਦਰਤ ਕਰ ਰਹੇ ਹਨ, ਉੱਥੇ ਪਾਰਟੀ ਅੰਦਰ ਵੀ ਸਾਬਤ ਸੂਰਤ ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਮੋਹਰਲੀ ਕਤਾਰ ਵਿੱਚ ਲਿਆ ਰਹੇ ਹਨ।

ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਤ ਸੂਰਤ ਨੌਜਵਾਨਾਂ ਨੂੰ ਹੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਦੀ ਯੋਜਨਾ ਹੈ। ਅਜਿਹੇ ’ਚ ਜ਼ਿਲ੍ਹਾ ਪ੍ਰਧਾਨਾਂ ਦੀ ਦੌੜ ’ਚ ਸਾਬਤ ਸੂਰਤ ਦਿੱਖ ਵਾਲੇ ਸਿੱਖ ਨੌਜਵਾਨ ਹੀ ਅੱਗੇ ਦੱਸੇ ਜਾਂਦੇ ਹਨ। ਇਹ ਵੀ ਚਰਚਾ ਹੈ ਕਿ ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਜ਼ਿਲ੍ਹਿਆਂ ਦੀ ਵਾਗਡੋਰ ਅੰਮ੍ਰਿਤਧਾਰੀਆਂ ਨੂੰ ਹੀ ਸੌਂਪੀ ਜਾਵੇ।

ਹਾਸਲ ਜਾਣਕਾਰੀ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ ਜਿਸ ਬਾਰੇ ਪਾਰਟੀ ਹਾਈਕਮਾਂਡ ਪੂਰੀ ਸਰਗਰਮ ਹੈ। ਇਸ ਤੋਂ ਪਹਿਲਾਂ ਸੂਬੇ ਦੇ ਪੰਜ ਜ਼ੋਨਾਂ ਦੇ ਜਿਹੜੇ ਜ਼ੋਨਲ ਪ੍ਰਧਾਨ ਥਾਪੇ ਗਏ ਹਨ, ਉਹ ਵੀ ਸਾਰੇ ਸਾਬਤ ਸੂਰਤ ਹੀ ਹਨ ਤੇ ਕਈ ਜ਼ੋਨਲ ਪ੍ਰਧਾਨ ਅੰਮ੍ਰਿਤਧਾਰੀ ਵੀ ਹਨ।

ਦਰਅਸਲ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦਾ ਰੂਪ ਦਿੰਦਿਆਂ ਜਿੱਥੇ ਹੋਰ ਧਰਮਾਂ ਦੇ ਲੀਡਰਾਂ ਨੂੰ ਅਹੁਦਿਆਂ ਤੇ ਸੀਟਾਂ ਨਾਲ ਨਵਾਜਿਆ, ਉੱਥੇ ਹੀ ਕੇਸ ਰਹਿਤ ਸਿੱਖ ਲੀਡਰਾਂ ਨੂੰ ਵੀ ਮੋਹਲੀਆਂ ਕਤਾਰਾਂ ਵਿੱਚ ਲਿਆ ਖੜ੍ਹਾ ਕੀਤਾ। ਇਸ ਨਾਲ ਚਾਹੇ ਚੋਣਾਂ ਵਿੱਚ ਤਾਂ ਪਾਰਟੀ ਨੂੰ ਫਾਇਦਾ ਹੁੰਦਾ ਰਿਹਾ ਪਰ ਪੰਥਕ ਹਲਕਿਆਂ ਵਿੱਚ ਸੁਖਬੀਰ ਬਾਦਲ ਪ੍ਰਤੀ ਗੁੱਸਾ ਵਧਦਾ ਗਿਆ।

ਇਸ ਦੇ ਨਾਲ ਹੀ ਪੰਜਾਬੀ ਪਾਰਟੀ ਦੇ ਮਾਡਲ ਕਰਕੇ ਸੁਖਬੀਰ ਬਾਦਲ ਨੇ ਪੰਥਕ ਮੁੱਦਿਆਂ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ ਸੀ ਜਿਸ ਕਰਕੇ ਅਕਾਲੀ ਦਲ ਦਾ ਪੰਥਕ ਵੋਟ ਖੁਰਣਾ ਸ਼ੁਰੂ ਹੋ ਗਿਆ। ਟਕਸਾਲੀ ਲੀਡਰਾਂ ਦੀ ਬਗਾਵਤ ਮਗਰੋਂ ਇੰਝ ਲੱਗਣ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿਰਫ ਬਾਦਲ ਪਰਿਵਾਰ ਦੀ ਨਿੱਜੀ ਪਾਰਟੀ ਬਣ ਗਈ ਹੈ। ਇਸ ਦਾ ਪੰਥਕ ਮੁੱਦਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਚੋਣਾਂ ਜਿੱਤ ਕੇ ਸੱਤਾ ਦਾ ਸੁੱਖ ਮਾਣਨਾ ਹੀ ਮੁੱਖ ਨਿਸ਼ਾਨਾ ਹੈ। ਇਸ ਸੰਕਟ ਵਿੱਚੋਂ ਉੱਭਰਣ ਲਈ ਸੁਖਬੀਰ ਬਾਦਲ ਨੇ ਇੱਕ ਵਾਰ ਮੁੜ ਪਾਰਟੀ ਦਾ ਪੰਥਕ ਮੂੰਹ ਮੁਹਾਂਦਾਰਾ ਘੜਨ ਦੀ ਰਣਨੀਤੀ ਘੜੀ ਹੈ।

Source: AbpSanjha