ਸੁਖਬੀਰ ਨੇ ਜਾਖੜ ਨੂੰ ਫ਼ਿਰੋਜ਼ਪੁਰ ਆ ਕੇ ਚੋਣ ਲੜਣ ਦਾ ਦਿੱਤਾ ਚੈਲੰਜ !

Sukhbir Badal challenged Sunil Jakhar

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਚੈਲੰਜ ਕੀਤਾ ਹੈ ਕਿ ਉਹ ਫ਼ਿਰੋਜ਼ਪੁਰ ‘ਚ ਆ ਕੇ ਚੋਣ ਲੜਨ। ਬਾਦਲ ਨੇ ਕਿਹਾ ਹੈ ਕਿ ਜਾਖੜ ਆਪਣੇ ਘਰੋਂ ਹੀ ਭੱਜ ਗਏ ਹਨ।

ਇੱਥੇ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸੁਖਬੀਰ ਬਾਦਲ ਨੇ ਦੱਸਿਆ ਕਿ ਸੁਨੀਲ ਜਾਖੜ ਆਪਣੇ ਜੱਦੀ ਹਲਕੇ ਤੋਂ ਦੂਰ ਆ ਕੇ ਗੁਰਦਾਸਪੁਰ ਵਿੱਚ ਚੋਣ ਲੜਦੇ ਹਨ। ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਫ਼ਿਰੋਜ਼ਪੁਰ ਆ ਜਾਣ। ਹਾਲਾਂਕਿ, ਬਾਦਲ ਨੇ ਇਹ ਸਾਫ਼ ਨਹੀਂ ਕੀਤਾ ਕਿ ਕੀ ਉਹ ਜਾਖੜ ਨੂੰ ਆਪਣੇ ਵਿਰੁੱਧ ਚੁਨੌਤੀ ਤਾਂ ਨਹੀਂ ਸੀ ਦੇ ਰਹੇ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੰਜਾਬ ਦੇ ਚਾਰ ਉਮੀਦਵਾਰ ਕੀਤੇ ਤੈਅ

ਸੁਖਬੀਰ ਨੇ ਇਹ ਵੀ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਸਰਪ੍ਰਸਤ ਤੇ ਸਟਾਰ ਪ੍ਰਚਾਰਕ ਬਣੇ ਰਹਿਣਗੇ ਪਰ ਹੁਣ ਉਹ ਚੋਣ ਨਹੀਂ ਲੜਨਗੇ। ਗੁਰਦਾਸਪੁਰ ਲੋਕ ਸਭਾ ਸੀਟ ਅਕਾਲੀ ਦਲ ਦੀ ਸਿਆਸੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਹੈ। ਚਰਚਾਵਾਂ ਹਨ ਕਿ ਭਾਜਪਾ ਇੱਥੋਂ ਕੋਈ ਫ਼ਿਲਮੀ ਸਿਤਾਰਾ ਉਤਾਰ ਕੇ ਇਹ ਸੀਟ ਵਾਪਸ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੀ ਹੈ।

ਗੁਰਦਾਸਪੁਰ ਲੋਕ ਸਭਾ ਸੀਟ ਤੋਂ ਮਰਹੂਮ ਅਦਾਕਾਰ ਵਿਨੋਦ ਖੰਨਾ ਲੰਮਾਂ ਸਮਾਂ ਸੰਸਦ ਮੈਂਬਰ ਰਹੇ ਪਰ ਉਨ੍ਹਾਂ ਦੀ ਮੌਤ ਮਗਰੋਂ ਸੁਨੀਲ ਜਾਖੜ ਸੰਸਦ ਮੈਂਬਰ ਚੁਣੇ ਗਏ। ਅਜਿਹੇ ਵਿੱਚ ਦੋਵਾਂ ਪਾਰਟੀਆਂ ਦਾ ਜ਼ੋਰ ਹੈ ਕਿ ਸੀਟ ਕਿਵੇਂ ਆਪਣੇ ਪੱਖ ਵਿੱਚ ਕੀਤੀ ਜਾਵੇ।

Source:AbpSanjha