ਮਹਾਂਗੱਠਬੰਧਨ ਦਾ ਹਿੱਸਾ ਬਣਨ ਲਈ ਟਕਸਾਲੀਆਂ ਨੇ ‘ਆਪ’ ਮੂਹਰੇ ਰੱਖੀ ਇਹ ਸ਼ਰਤ

sewa singh on alliance with aap and pep

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਮ ਆਦਮੀ ਪਾਰਟੀ ਅੱਗੇ ਸ਼ਰਤ ਰੱਖੀ ਹੈ ਕਿ ਜੇ ਉਹ ਪੰਜਾਬ ਵਿੱਚ ਮਹਾਂਗੱਠਬੰਧਨ ਦਾ ਹਿੱਸਾ ਬਣਨਾ ਚਾਹੁੰਦੇ ਹਨ ਤਾਂ ਉਹ ਪੂਰੇ ਦੇਸ਼ ਵਿੱਚ ਕਾਂਗਰਸ ਨਾਲ ਕਿਤੇ ਵੀ ਸਮਝੌਤਾ ਨਹੀਂ ਕਰਨਗੇ। ਟਕਸਾਲੀ ਪਾਰਟੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬੀ ਏਕਤਾ ਪਾਰਟੀ ਦੀ ਮਹਾਂਗਠਜੋੜ ਦਾ ਹਿੱਸਾ ਬਣ ਸਕਦੇ ਹਨ। ਹਾਲਾਂਕਿ, ‘ਆਪ’ ਨੇ ਵੀ ਪਿੱਛੇ ਜਿਹੇ ਐਲਾਨ ਕੀਤਾ ਸੀ ਕਿ ਪਾਰਟੀ ਇਕੱਲੇ ਹੀ ਚੋਣਾਂ ਲੜੇਗੀ।

ਅੰਮ੍ਰਿਤਸਰ ਵਿੱਚ ਅੱਜ ਟਕਸਾਲੀ ਅਕਾਲੀ ਦਲ ਦੇ ਆਗੂਆਂ ਤੇ ਸੁਖਪਾਲ ਸਿੰਘ ਖਹਿਰਾ ਦਰਮਿਆਨ ਮੀਟਿੰਗ ਹੋਈ, ਜਿਸ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਪਰ ਸੇਵਾ ਸਿੰਘ ਸੇਖਵਾਂ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਕਿ ਹਫ਼ਤੇ ਵਿੱਚ ਦੁਬਾਰਾ ਉਨ੍ਹਾਂ ਦੀ ਮੀਟਿੰਗ ਹੋਵੇਗੀ ਅਤੇ ਗਠਜੋੜ ਦੌਰਾਨ ਲੋਕ ਸਭਾ ਸੀਟਾਂ ਦੀ ਵੰਡ ਸਬੰਧੀ ਫ਼ੈਸਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀ ਬੈਠਕ ਤਕ ਅਸੀਂ ਵੀ ਹੋਮਵਰਕ ਕਰ ਲਵਾਂਗੇ ਅਤੇ ਫ਼ੈਸਲਾ ਸਿਰੇ ਚੜ੍ਹ ਜਾਵੇਗਾ।

ਇਸ ਦੇ ਨਾਲ ਹੀ ਸੇਖਵਾਂ ਨੇ ਕੁਲਬੀਰ ਸਿੰਘ ਜ਼ੀਰਾ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਸ ਵਿੱਚ ਰਲੇ ਹੋਣ ਦਾ ਦੋਸ਼ ਲਾਇਆ ਅਤੇ ਜ਼ੀਰਾ ਦੇ ਸਟੈਂਡ ਨੂੰ ਸਹੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਉਨ੍ਹਾਂ ਨੂੰ ਸਸਪੈਂਡ ਕਰਨ ਦੀ ਬਜਾਇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ। ਸੇਖਵਾਂ ਨੇ ਜਗਦੀਸ਼ ਟਾਈਟਲਰ ਨੂੰ ਮੁੱਖ ਸੀਟ ‘ਤੇ ਬਿਠਾਉਣ ਦੀ ਵੀ ਨਿਖੇਧੀ ਕੀਤੀ।

Source:AbpSanjha