1984 ਸਿੱਖ ਕਤਲੇਆਮ ਦਾ ਦੋਸ਼ੀ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਅੱਜ ਕਰੇਗਾ ਸਮਰਪਣ

sajjam kumar may surrender today

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਦੋਸ਼ੀ ਐਲਾਨੇ ਜਾ ਚੁੱਕੇ ਸੱਜਣ ਕੁਮਾਰ ਅੱਜ ਯਾਨੀ 31 ਦਸੰਬਰ ਨੂੰ ਕੜਕੜਡੂਮਾ ਅਦਾਲਤ ਜਾਂ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰੇਗਾ। ਤਾਜ਼ਾ ਜਾਣਕਾਰੀ ਮੁਤਾਬਕ ਸੱਜਣ ਕੁਮਾਰ ਆਪਣੇ ਘਰੋਂ ਤਾਂ ਨਿੱਕਲ ਗਿਆ ਹੈ, ਪਰ ਹਾਲੇ ਤਕ ਸਮਰਪਣ ਨਹੀਂ ਕੀਤਾ ਹੈ। ਬੀਤੀ 17 ਦਸੰਬਰ ਨੂੰ ਦਿੱਲੀ ਹਾਈ ਕੋਰਟ ਨੇ ਉਸ ਨੂੰ ਪੰਜ ਸਿੱਖਾਂ ਦੇ ਕਤਲ ਮਾਮਲੇ ਵਿੱਚ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਸਾਲ ਦੇ ਆਖਰੀ ਦਿਨ ਤਕ ਸਮਰਪਣ ਕਰਨ ਦੇ ਹੁਕਮ ਦਿੱਤੇ ਸਨ। ਉਸ ਦੇ ਵਕੀਲ ਨੇ ਕਈ ਦਿਨ ਪਹਿਲਾਂ ਸੱਜਣ ਵੱਲੋਂ ਆਤਮ ਸਮਰਪਣ ਕੀਤੇ ਜਾਣ ਦੀ ਪੁਸ਼ਟੀ ਕੀਤੀ ਸੀ।

ਸੱਜਣ ਕੁਮਾਰ ਦੇ ਵਕੀਲ ਅਨਿਲ ਕੁਮਾਰ ਸ਼ਰਮਾ ਨੇ ਕਿਹਾ ਸੀ ਕਿ ਉਹ ਦਿੱਲੀ ਉੱਚ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨਗੇ। ਹਾਲਾਂਕਿ, ਸੱਜਣ ਕੁਮਾਰ ਨੇ ਅਦਾਲਤ ਦੇ ਫੈਸਲੇ ਨੂੰ ਕਈ ਥਾਵਾਂ ‘ਤੇ ਚੁਣੌਤੀ ਤੇ ਸਮਰਪਣ ਕਰਨ ਲਈ ਵੱਧ ਸਮਾਂ ਦੇਣ ਦੀ ਅਪੀਲ ਵੀ ਕੀਤੀ ਪਰ ਹਾਲੇ ਤਕ ਉਸ ਨੂੰ ਕੋਈ ਰਿਆਇਤ ਨਹੀਂ ਮਿਲੀ।

ਸ਼ਰਮਾ ਨੇ ਦੱਸਿਆ ਸੀ ਕਿ ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ ‘ਰਾਹਤ ਅਰਜ਼ੀ’ ‘ਤੇ ਲਾਏ ਇਤਰਾਜ਼ ਦੂਰ ਕਰ ਦਿੱਤੇ ਹਨ, ਪਰ ਪਹਿਲੀ ਜਨਵਰੀ ਤਕ ਸਰਦੀਆਂ ਦੀਆਂ ਛੁੱਟੀਆਂ ਹੋਣ ਕਾਰਨ 31 ਦਸੰਬਰ ਤਕ ਸੁਣਵਾਈ ਹੋਣ ਮੁਮਕਿਨ ਨਹੀਂ ਹੈ। ਦੇਸ਼ ਦੀ ਸਿਖਰਲੀ ਅਦਾਲਤ ਦੋ ਜਨਵਰੀ ਤੋਂ ਕੰਮਕਾਜ ਆਰੰਭ ਦੇਵੇਗੀ, ਜਿਸ ਤੋਂ ਬਾਅਦ ਹੀ ਸੱਜਣ ਕੁਮਾਰ ਦੀ ਅਰਜ਼ੀ ਵਿਚਾਰਨ ਬਾਰੇ ਫੈਸਲਾ ਹੋ ਸਕਦਾ ਹੈ।

ਸੱਜਣ ਕੁਮਾਰ ਨੇ ਬੀਤੀ 22 ਦਸੰਬਰ ਨੂੰ ਦਿੱਲੀ ਹਾਈਕੋਰਟ ਵੱਲੋਂ ਸੁਣਾਈ ਗਈ ਸਜ਼ਾ ਵਿਰੁੱਧ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ। ਉਸ ਵੱਲੋਂ ਕਤਲ ਕੀਤੇ ਸਿੱਖਾਂ ਦੇ ਵਾਰਸਾਂ ਦੇ ਵਕੀਲ ਐਚ.ਐਸ. ਫੂਲਕਾ ਮੁਤਾਬਕ ਉਨ੍ਹਾਂ ਸੁਪਰੀਮ ਕੋਰਟ ਨੂੰ ਸੱਜਣ ਕੁਮਾਰ ਬਾਰੇ ਕੋਈ ਵੀ ਅਪੀਲ-ਦਲੀਲ ਸੁਣਨ ਲਈ ਉਨ੍ਹਾਂ (ਪੀੜਤਾਂ) ਨੂੰ ਵੀ ਧਿਰ ਬਣਾਉਣ ਬਾਰੇ ਸੂਚਿਤ ਚੁੱਕੇ ਹਨ। ਸੱਜਣ ਸਮੇਤ ਕੁੱਲ ਛੇ ਵਿਅਕਤੀਆਂ ਨੂੰ ਬੀਤੀ 17 ਦਸੰਬਰ ਨੂੰ ਦੋਸ਼ੀ ਐਲਾਨ ਦਿੱਤਾ ਸੀ ਅਤੇ ਸਾਰਿਆਂ ਨੂੰ 31 ਦਸੰਬਰ ਤਕ ਆਤਮ-ਸਮਰਪਣ ਦੇ ਹੁਕਮ ਦਿੱਤੇ ਹੋਏ ਹਨ।

Source:AbpSanjha