‘ਆਪ’ ‘ਚ ਵਿਧਾਇਕਾਂ ਦੇ ਕਿਨਾਰੇ ਮਗਰੋਂ ਅਕਾਲੀ ਦਲ ਵਲੋਂ ਵਿਰੋਧ ਧਿਰ ਦਾ ਅਹੁਦਾ ਸਾਂਭਣ ਲਈ ਕੋਸ਼ਿਸ਼ਾਂ ਸ਼ੁਰੂ

Sukhbir Badal

ਆਮ ਆਦਮੀ ਪਾਰਟੀ ਤੋਂ ਲਗਾਤਾਰ ਵਿਧਾਇਕਾਂ ਵੱਲੋਂ ਕਿਨਾਰਾ ਕਰਨ ਮਗਰੋਂ ਵਿਰੋਧੀ ਧਿਰ ਦਾ ਕਾਰਜਭਾਰ ਸਾਂਭਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ‘ਆਪ’ ਦੀ ਹਾਲਤ ਮਗਰੋਂ ਅਕਾਲੀ ਦਲ ਇਹ ਜ਼ਿੰਮੇਵਾਰੀ ਸਾਂਭਣੀ ਚਾਹੁੰਦਾ ਹੈ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਤਿੰਨ ਵਿਧਾਇਕਾਂ ਵੱਲੋਂ ਪਾਰਟੀ ਛੱਡੇ ਜਾਣ ਮਗਰੋਂ ਅਕਾਲੀਆਂ ਨੂੰ ਸੂਬੇ ਵਿੱਚ ਮੁੱਖ ਵਿਰੋਧੀ ਧਿਰ ਬਣਨ ਦੀਆਂ ਸੰਭਾਵਨਾਵਾਂ ਤੇਜ਼ ਹੋ ਗਈਆਂ ਹਨ।

ਅਕਾਲੀ ਦਲ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ ‘ਆਪ’ ਨੂੰ ਛੱਡ ਚੁੱਕੇ ਲੀਡਰ ਵਿਧਾਇਕ ਰਹਿ ਕੇ ਸਾਰੀਆਂ ਸਰਕਾਰੀ ਸਹੂਲਤਾਂ ਮਾਣ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਸੀਨੀਅਰ ਅਕਾਲੀ ਆਗੂ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਕਿਹਾ ਹੈ ਕਿ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਸੁਖਪਾਲ ਖਹਿਰਾ ਤੇ ਬਲਦੇਵ ਸਿੰਘ ਨੂੰ ਤੁਰੰਤ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਵਜੋਂ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ।

ਚੀਮਾ ਨੇ ਕਿਹਾ ਕਿ ਸੰਵਿਧਾਨ ਦੀ 10ਵੀਂ ਸੂਚੀ ਮੁਤਾਬਿਕ ਕੋਈ ਵੀ ਵਿਧਾਨ ਸਭਾ ਮੈਂਬਰ, ਜੋ ਆਪਣੀ ਇੱਛਾ ਨਾਲ ਉਸ ਪਾਰਟੀ ਦੀ ਮੈਂਬਰਸ਼ਿਪ ਤਿਆਗ ਦਿੰਦਾ ਹੈ, ਜਿਸ ਦੀ ਉੁਹ ਨੁੰਮਾਇਦਗੀ ਕਰਦਾ ਹੈ ਤਾਂ ਉਸ ਨੂੰ ਵਿਧਾਨ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 10ਵੀਂ ਸੂਚੀ ਦੇ ਆਰਟੀਕਲ 102 (2) ਅਤੇ 191 (2) ਮੁਤਾਬਿਕ ਇੱਕ ਵਿਧਾਨ ਸਭਾ ਮੈਂਬਰ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਨੂੰ ਛੱਡਣਾ ਦਲਬਦਲੀ ਦੇ ਸਮਾਨ ਹੁੰਦਾ ਹੈ।

ਡਾ. ਚੀਮਾ ਨੇ ਕਿਹਾ ਕਿ ਜੇਕਰ ਖਹਿਰਾ ਅਤੇ ਬਲਦੇਵ ਸਿੰਘ ਸਚਮੁੱਚ ਉਹਨਾਂ ਉੱਚੇ ਆਦਰਸ਼ਾਂ ਦੀ ਪਾਲਣਾ ਕਰਨਾ ਚਾਹੁੰਦੇ ਹਨ, ਜਿਹਨਾਂ ਦੀਆਂ ਉਹ ਗੱਲਾਂ ਕਰਦੇ ਹਨ ਤਾਂ ਉਹਨਾਂ ਨੂੰ ਤੁਰੰਤ ਵਿਧਾਇਕਾਂ ਵਜੋਂ ਵਿਧਾਨ ਸਭਾ ਦੇ ਸਪੀਕਰ ਨੂੰ ਰਸਮੀ ਤੌਰ ਤੇ ਆਪਣੇ ਅਸਤੀਫ਼ੇ ਸੌਂਪ ਦੇਣੇ ਚਾਹੀਦੇ ਹਨ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਵਿੱਚ ‘ਆਪ’ ਦੀ ਟਿਕਟ ਤੋਂ ਚੋਣ ਲੜ ਕੇ 20 ਜਣੇ ਵਿਧਾਇਕ ਬਣੇ ਸਨ, ਜਿਨ੍ਹਾਂ ਵਿੱਚੋਂ ਹਰਵਿੰਦਰ ਸਿੰਘ ਫੂਲਕਾ ਨੇ ਵਿਧਾਨ ਸਭਾ ਅਤੇ ਪਾਰਟੀ ਦੋਵਾਂ ਤੋਂ ਥਾਵਾਂ ਅਸਤੀਫ਼ਾ ਦੇ ਦਿੱਤਾ ਤੇ ਦੋਵੇਂ ਅਸਤੀਫ਼ੇ ਸਵੀਕਾਰੇ ਨਹੀਂ ਗਏ ਹਨ। ਉੱਧਰ, ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਅਤੇ ਜੈਤੋ ਤੋਂ ਵਿਧਾਇਕ ਮਾਸਰਟ ਬਲਦੇਵ ਸਿੰਘ ਨੇ ਵੀ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤਿਆਗ ਦਿੱਤੀ ਹੈ।

ਜੇਕਰ ‘ਆਪ’ ਆਪਣੇ ਚੋਣ ਨਿਸ਼ਾਨ ਤੋਂ ਚੋਣ ਲੜ ਜਿੱਥੇ ਉਮੀਦਵਾਰਾਂ ਦੀ ਮੈਂਬਰੀ ਨੂੰ ਵਿਧਾਨ ਸਭਾ ਤੋਂ ਹਟਵਾਉਂਦੀ ਹੈ ਤਾਂ ਪਾਰਟੀ ਦੇ 17 ਵਿਧਾਇਕ ਹੀ ਰਹਿ ਜਾਣਗੇ, ਪਰ ਮੁੱਖ ਵਿਰੋਧੀ ਧਿਰ ਦਾ ਦਰਜਾ ‘ਆਪ’ ਕੋਲ ਹੀ ਰਹੇਗਾ। ਨਾਲ ਹੀ ਤਿੰਨ ਹਲਕਿਆਂ ‘ਤੇ ਜ਼ਿਮਨੀ ਚੋਣ ਵੀ ਹੋਵੇਗੀ, ਜਿਸ ਨਾਲ ਵਿਰੋਧੀ ਧਿਰ ਜਾਂ ਹਾਕਮ ਧਿਰ ਦੇ ਵਿਧਾਇਕਾਂ ਦੀ ਗਿਣਤੀ ਵਿੱਚ ਫਰਕ ਪੈ ਸਕਦਾ ਹੈ।

Source:AbpSanjha