ਸ਼੍ਰੋਮਣੀ ਗੁਰਦੁਆਰਾ ਕਮੇਟੀ ਕੋਲ ਪੁਰਾਣੇ ਨੋਟਾਂ ਦੇ ਖ਼ਜ਼ਾਨੇ ‘ਤੇ ਉੱਠੇ ਸਵਾਲ

old currency notes

ਸੰਕੇਤਕ ਫੋਟੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਈ ਲੱਖਾਂ ਰੁਪਏ ਦੀ ਪੁਰਾਣੀ ਕਰੰਸੀ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਦੀ ਜਾਂਚ ਮੰਗੀ ਹੈ। ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਨ੍ਹਾਂ ਦੇ ਦਫ਼ਤਰ ਵੱਲੋਂ ਆਰਬੀਆਈ ਨੂੰ ਲੱਖਾਂ ਰੁਪਏ ਦੀ ਪੁਰਾਣੀ ਕਰੰਸੀ ਤਬਦੀਲ ਕਰਨ ਸਬੰਧੀ ਲਿਖੇ ਗਏ ਪੱਤਰ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਮਾਨ ਨੇ ਕਿਹਾ ਕਿ ਨਵੰਬਰ 2016 ’ਚ ਹੋਈ ਨੋਟਬੰਦੀ ਦੌਰਾਨ ਜਦੋਂ ਭਾਰਤ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ, ਉਦਯੋਗਪਤੀਆਂ, ਕਾਰੋਬਾਰੀਆਂ ਤੇ ਆਮ ਲੋਕਾਂ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਨੋਟਬੰਦੀ ਤੋਂ ਪਹਿਲਾਂ ਚੱਲਣ ਵਾਲੀ ਕਰੰਸੀ ਨੂੰ ਦਿੱਤੇ ਗਏ ਸਮੇਂ ਵਿੱਚ ਤਬਦੀਲ ਕਰਵਾਇਆ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਇਸ ਖ਼ਜ਼ਾਨੇ ਨੂੰ ਬਦਲਣ ਲਈ ਦੋ ਸਾਲ ਬਾਅਦ ਕਿਉਂ ਯਾਦ ਆਈ ਹੈ।

ਉਨ੍ਹਾਂ ਕਿਹਾ ਕਿ ਨੋਟਬੰਦੀ ਦੇ 2 ਸਾਲ ਬਾਅਦ ਰਿਜ਼ਰਵ ਬੈਂਕ ਨੂੰ ਗੋਲਕਾਂ ਵਿੱਚ ਆਈ ਭੇਟਾ ਦਾ ਨਾਮ ਦੇ ਕੇ ਕਰੰਸੀ ਤਬਦੀਲ ਕਰਨ ਦੀ ਜੋ ਮੰਗ ਕੀਤੀ ਗਈ ਹੈ, ਉਹ ਸਿਆਸਤਦਾਨਾਂ ਵੱਲੋਂ ਗ਼ਲਤ ਢੰਗਾਂ ਰਾਹੀ ਇਕੱਤਰ ਕੀਤੀ ਗਈ ਮਾਇਆ ਨੂੰ ਇਸ ਧਾਰਮਿਕ ਸੰਸਥਾ ਜ਼ਰੀਏ ਬਦਲਣ ਦੀ ਗੱਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਹੋਰ ਪੰਥਕ ਸ਼ਖ਼ਸੀਅਤਾਂ ਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਸਬੰਧੀ ਕਮੇਟੀ ਕਾਇਮ ਕਰ ਕੇ ਐਸਜੀਪੀਸੀ ਵੱਲੋਂ ਮਾਇਆ ਤਬਦੀਲੀ ਲਈ ਰਿਜ਼ਰਵ ਬੈਂਕ ਨੂੰ ਲਿਖੇ ਗਏ ਪੱਤਰ ਦੇ ਪਿਛੋਕੜ ਦੀ ਜਾਂਚ ਕਰਵਾਉਣ ਤੇ ਅਗਲੇਰੀ ਕਾਰਵਾਈ ਕਰਨ।

Source:AbpSanjha