ਹੁਣ ਗਰਮੀ ਤੋਂ ਮਿਲੂਗੀ ਰਾਹਤ, ਮੌਸਮ ਵਿਭਾਗ ਨੇ ਦਿੱਤੀ ਵੱਡੀ ਖਬਰ

4 June Weather

ਲੁਧਿਆਣਾ: ਉੱਤਰੀ ਭਾਰਤ ਵਿੱਚ ਲਗਾਤਾਰ ਵਧ ਰਹੀ ਗਰਮੀ ਨੇ ਲੋਕਾਂ ਦੇ ਸਾਹ ਸੂਤੇ ਪਏ ਹਨ। ਪੰਜਾਬ ਵਿੱਚ ਪਾਰਾ 46 ਡਿਗਰੀ ਸੈਲਸੀਅਸ ਤੋਂ ਵੀ ਪਾਰ ਚਲਾ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਰਾਹਤ ਦੀ ਖ਼ਬਰ ਦਿੰਦਿਆਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ ਹਵਾਵਾਂ ਸਮੇਤ ਹਲਕੀ ਬਾਰਸ਼ ਦੇ ਆਸਾਰ ਹਨ।

ਉੱਧਰ ਵਧ ਰਹੀ ਗਰਮੀ ਨਾਲ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਚਮੜੀ ਨਾਲ ਸਬੰਧਤ ਸਮੱਸਿਆਵਾਂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਐਸਐਮਓ ਡਾ. ਗੀਤਾ ਮੁਤਾਬਕ ਇਸ ਵਾਰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਲੋਕਾਂ ਵਿੱਚ ਚਮੜੀ ਨਾਲ ਸਬੰਧਤ ਸਮੱਸਿਆਵਾਂ ਆ ਰਹੀਆਂ ਹਨ, ਹਾਲਾਂਕਿ ਭਾਰਤੀਆਂ ਦੀ ਚਮੜੀ ਗਰਮੀ ਤੋਂ ਘੱਟ ਪ੍ਰਭਾਵਤ ਹੁੰਦੀ ਹੈ, ਪਰ ਇਸ ਵਾਰ ਭਿਆਨਕ ਗਰਮੀ ਨਾਲ ਸਰੀਰ ‘ਤੇ ਦਾਣੇ ਨਿਕਲਣ, ਸੋਜ਼ਿਸ਼, ਲਾਲੀ ਪੈਣ ਆਦਿ ਸਮੱਸਿਆਵਾਂ ਪੇਸ਼ ਆ ਰਹੀਆਂ ਹਨ।

ਡਾਕਟਰ ਨੇ ਦੱਸਿਆ ਕਿ ਅਜਿਹੇ ਵਿੱਚ ਲੋਕ ਦੁਪਹਿਰ ਵੇਲੇ ਘਰੋਂ ਨਿਕਲਣ ਤੋਂ ਗੁਰੇਜ਼ ਕਰਨ। ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ ਕਰਨ। ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਅੰਦਰ ਤਾਪਮਾਨ ਹੇਠਾਂ ਡਿੱਗੇਗਾ ਤੇ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

Source:AbpSanjha