ਪੰਜਾਬ ਸਰਕਾਰ ਨੇ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕਣ ਲਈ ਕੇਂਦਰ ਸਰਕਾਰ ਕੋਲੋਂ ਕੀਤੀ 412 ਕਰੋੜ ਰੁਪਏ ਦੀ ਮੰਗ

Captain and Modi

ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਹੋਏ ਫਿਦਾਈਨ ਹਮਲੇ ਬਾਅਦ ਭਾਰਤ ਪਾਕਿਸਤਾਨ ਨੂੰ ਜਾਂਦਾ ਭਾਰਤ ਦੇ ਹਿੱਸੇ ਦਾ ਪਾਣੀ ਰੋਕਣ ਦਾ ਫੈਸਲਾ ਕਰ ਚੁੱਕਿਆ ਹੈ। ਹੁਣ ਪੰਜਾਬ ਸਰਕਾਰ ਨੇ ਇਸ ਕੰਮ ਲਈ ਕੇਂਦਰ ਸਰਕਾਰ ਕੋਲੋਂ 412 ਕਰੋੜ ਰੁਪਏ ਦੀ ਮੰਗ ਕੀਤੀ ਹੈ।

ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲ ਕੇ ਪੰਜਾਬ ਦੇ ਦੋ ਮੰਤਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਕੰਮ ਲਈ 7 ਕਿਲੋਮੀਟਰ ਲੰਮਾ ਚੈਨਲ ਬਣਾ ਕੇ ਪਾਣੀ ਨੂੰ ਕਲਾਂਪੁਰ-ਰਾਮਦਾਸ ਪ੍ਰਣਾਲੀ ਵੱਲ ਮੋੜਿਆ ਜਾਏਗਾ। ਇਸ ਨਾਲ ਸੀਮਾਂਤ ਇਲਾਕੇ ਦੇ 100 ਪਿੰਡਾਂ ਦੀ ਇੱਕ ਲੱਖ ਏਕੜ ਜ਼ਮੀਨ ਦੀ ਸਿੰਜਾਈ ਵਿੱਚ ਫਾਇਦਾ ਮਿਲੇਗਾ।

ਪੰਜਾਬ ਸਰਕਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਬੀਤੀ 21 ਫਰਵਰੀ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੇ ਫੈਸਲੇ ਸਬੰਧੀ ਇੱਕ ਟਵੀਟ ਕੀਤਾ ਸੀ। ਇਸ ਦੇ ਬਾਅਦ ਪੰਜਾਬ ਦੇ ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਕਿਹਾ ਸੀ ਕਿ ਰਾਵੀ ਦਰਿਆ ’ਤੇ ਸ਼ਾਹਪੁਰ ਕੰਡੀ ਡੈਮ ਬਣਾਉਣ ਦੇ ਪ੍ਰੋਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਬੁੱਧਵਾਰ ਨੂੰ ਇਸੇ ਸਬੰਧੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਹੋਰ ਦਿੱਲੀ ਵਿੱਚ ਨਿਤਿਨ ਗਡਕਰੀ ਨੂੰ ਮਿਲਣ ਪੁੱਜੇ ਸਨ। 7 ਕਿਲੋਮੀਟਰ ਲੰਮਾ ਚੈਨਲ ਬਣਾਉਣ ਦੀ ਗੱਲ ਕਰਦਿਆਂ ਦੋਵਾਂ ਮੰਤਰੀਆਂ ਨੇ ਨਿਤਨ ਗਡਕਰੀ ਕੋਲ ਇਸ ਪ੍ਰੋਜੈਕਟ ਨੂੰ ਰਾਸ਼ਟਰੀ ਯੋਜਨਾ ਦੇ ਰੂਪ ਵਿੱਚ ਮਾਨਤਾ ਦੇਣ ਦੀ ਮੰਗ ਰੱਖੀ। ਦੱਸਿਆ ਜਾ ਰਿਹਾ ਹੈ ਕਿ ਗਡਕਰੀ ਨੇ ਇਸ ਯੋਜਨਾ ਨੂੰ ਸੰਵਿਧਾਨਕ ਸਹਿਮਤੀ ਦੇ ਦਿੱਤੀ ਹੈ ਅਤੇ ਸੂਬਾ ਸਰਕਾਰ ਕੋਲੋਂ ਰਿਪੋਰਟ ਮੰਗੀ ਹੈ।

Source:AbpSanjha