ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਵੀਰਵਾਰ ਨੂੰ ਪੰਜਾਬ ਦੇ ਮੋਹਾਲੀ ਤੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਤੱਕ ਕਿਸਾਨਾਂ ਦੀ ਕਥਿਤ ਹੱਤਿਆਵਾਂ ਦੇ ਵਿਰੋਧ ਵਿੱਚ ਮਾਰਚ ਕਰੇਗੀ।
ਸ੍ਰੀ ਸਿੱਧੂ ਦੇ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਮਾਰਚ ਦੀ ਅਗਵਾਈ ਉਨ੍ਹਾਂ ਵੱਲੋਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਲਖੀਮਪੁਰ ਘਟਨਾ ਵਿੱਚ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰ ਨੂੰ ਵੱਖਰੇ ਤੌਰ ‘ਤੇ 50 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਇਸ ਦੌਰਾਨ, ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦਾ ਪੰਜ ਮੈਂਬਰੀ ਵਫ਼ਦ ਬੁੱਧਵਾਰ ਨੂੰ ਲਖਨਊ ਹਵਾਈ ਅੱਡੇ ਤੋਂ ਹਿੰਸਾ ਪ੍ਰਭਾਵਿਤ ਲਖੀਮਪੁਰ ਖੇੜੀ ਲਈ ਰਵਾਨਾ ਹੋਇਆ ਸੀ।ਸ੍ਰੀ ਗਾਂਧੀ ਦੇ ਨਾਲ ਭੁਪੇਸ਼ ਬਘੇਲ, ਚਰਨਜੀਤ ਚੰਨੀ, ਕੇਸੀ ਵੇਣੂਗੋਪਾਲ ਅਤੇ ਰਣਦੀਪ ਸੁਰਜੇਵਾਲਾ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਵੀ ਸਨ।
ਉੱਤਰ ਪ੍ਰਦੇਸ਼ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਲਖੀਮਪੁਰ ਖੇੜੀ ਦੀ ਘਟਨਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ।
ਕਈ ਕਿਸਾਨ ਯੂਨੀਅਨਾਂ ਦੀ ਸੰਸਥਾ ਸੰਯੁਕਤ ਕਿਸਾਨ ਮੋਰਚਾ ਨੇ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਤਿੰਨ ਗੱਡੀਆਂ ਦੇ ਨਾਲ ਉਸ ਸਮੇਂ ਪਹੁੰਚੇ ਜਦੋਂ ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ ਅਤੇ ਕਿਸਾਨਾਂ ਉੱਪਰ ਗੱਡੀ ਚੜ੍ਹਾ ਦਿੱਤੀ ।