ਪੁਲਿਸ ਮੁਲਾਜ਼ਮ ਦੇ ਮੁੰਡੇ ਨੇ ਟ੍ਰੈਫਿਕ ਹੌਲਦਾਰ ਨੂੰ ਕੁੱਟਿਆ , ਵਰਦੀ ਵੀ ਪਾੜੀ ਤੇ ਪੱਗ ਵੀ ਲਾਹੀ

policemen son beaten hawaldar

ਤਰਨ ਤਾਰਨ: ਇੱਥੇ ਇੱਕ ਪੁਲਿਸ ਮੁਲਾਜ਼ਮ ਦੇ ਮੁੰਡੇ ਨੇ ਸ਼ਰ੍ਹੇਆਮ ਗੁੰਡਾਗਰਦੀ ਵਿਖਾਉਂਦਿਆਂ ਡਿਊਟੀ ਦੇ ਰਹੇ ਟ੍ਰੈਫਿਕ ਹੌਲਦਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਲੜਕੇ ਨੇ ਹੌਲਦਾਰ ਦੀ ਵਰਦੀ ਪਾੜ ਦਿੱਤੀ ਤੇ ਪੱਗ ਵੀ ਲਾਹ ਦਿੱਤੀ। ਪੁਲਿਸ ਨੇ ਮੁਲਜ਼ਮ ਲੜਕੇ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਪਰ ਕਥਿਤ ਸਿਆਸੀ ਦਬਾਅ ਕਰਕੇ ਉਸ ਖ਼ਿਲਾਫ਼ ਹਾਲੇ ਤਕ ਮਾਮਲਾ ਦਰਜ ਨਹੀਂ ਕੀਤਾ। ਇਸ ਵਜ੍ਹਾ ਕਰਕੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਮਾਮਲਾ ਤਰਨ ਤਾਰਨ ਦੇ ਬੋਹੜੀ ਚੌਕ ਦਾ ਹੈ ਜਿੱਥੇ ਟ੍ਰੈਫਿਕ ਹੌਲਦਾਰ ਜੋਗਿੰਦਰ ਸਿੰਘ ਡਿਊਟੀ ਦੇ ਰਹੇ ਸੀ ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸੇ ਦੌਰਾਨ ਪੁਲਿਸ ਮੁਲਾਜ਼ਮ ਸਵਿੰਦਰ ਸਿੰਘ ਦਾ ਲੜਕਾ ਤੇਜਿੰਦਰ ਸਿੰਘ ਰੁਸਤਮ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਪਹੁੰਚਿਆ। ਜਦੋਂ ਹੌਲਦਾਰ ਜੋਗਿੰਦਰ ਸਿੰਘ ਨੇ ਵਾਹਨ ਦੇ ਕਾਗਜ਼ ਮੰਗੇ ਤਾਂ ਉਹ ਆਪਣੇ ਪਿਤਾ ਦੀ ਵਰਦੀ ਦਾ ਰੋਹਬ ਝਾੜਨ ਲੱਗਾ। ਉਸ ਨੇ ਟ੍ਰੈਫਿਕ ਹੌਲਦਾਰ ਨੂੰ ਕਾਲਰ ਤੋਂ ਫੜ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : 200 ਤੋਂ ਵੱਧ IELTS ਸੈਂਟਰਾਂ ‘ਤੇ ਪੁਲਿਸ ਦੀ ਛਾਪੇਮਾਰੀ, ਹੋਏ ਕਈ ਵੱਡੇ ਖੁਲਾਸੇ

ਇਕੱਲੀ ਕੁੱਟਮਾਰ ਹੀ ਨਹੀਂ, ਲੜਕੇ ਨੇ ਹੌਲਦਾਰ ਦੀ ਉਂਗਲ ਨੂੰ ਕਿਸੇ ਜੰਗਲੀ ਜਾਨਵਰ ਵਾਂਗ ਵੱਢ ਲਿਆ। ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਤੇ ਪੱਗ ਵੀ ਲਾਹੀ। ਘਟਨਾ ਨੂੰ 24 ਘੰਟੇ ਬੀਤ ਗਏ ਪਰ ਹਾਲੇ ਤਕ ਮੁਲਜ਼ਮ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਲਟਾ ਪੁਲਿਸ ਦੇਰ ਸ਼ਾਮ ਤਕ ਮਾਮਲੇ ਨੂੰ ਦਬਾਉਣ ਦੇ ਯਤਨ ਕਰਦੀ ਰਹੀ।

ਇਸ ਮਗਰੋਂ ਕੁੱਟਮਾਰ ਦੇ ਸ਼ਿਕਾਰ ਟ੍ਰੈਫਿਕ ਹੌਲਦਾਰ ਜੋਗਿੰਦਰ ਸਿੰਘ ਨੇ ਮੀਡੀਆ ਦੇ ਮਾਧਿਅਮ ਨਾਲ ਨਿਆਂ ਦੀ ਗੁਹਾਰ ਲਾਈ ਹੈ। ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਚੰਦਰ ਭੂਸ਼ਣ ਨੇ ਕਿਹਾ ਕਿ ਪੁਲਿਸ ਹਾਲੇ ਤਕ ਮਾਮਲੇ ਦੀ ਜਾਂਚ ਹੀ ਕਰ ਰਹੀ ਹੈ।

Source:AbpSanjha