ਕਾਲੀਆਂ ਝੰਡੀਆਂ ਵਿਖਾਉਣ ਤੋਂ ਦੁਖੀ ਬਾਦਲ, ਕਿਹਾ ਭਾਵੇਂ ਵੋਟ ਨਾ ਪਾਓ ਪਰ ਕਾਲੀਆਂ ਝੰਡੀਆਂ ਵਿਖਾਉਣ ਦੀ ਕੀ ਲੋੜ !

Parkash Singh Badal

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਵਿਖਾਉਣ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਫ਼ੀ ਦੁਖੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਕਿਸੇ ਨੇ ਵੋਟ ਨਹੀਂ ਪਾਉਣੀ ਤਾਂ ਨਾ ਪਾਏ ਪਰ ਕਾਲੀਆਂ ਝੰਡੀਆਂ ਵਿਖਾਉਣ ਦੀ ਕੀ ਲੋੜ ਹੈ। ਬਾਦਲ ਨੂੰ ਜਦੋਂ ਫਰੀਦਕੋਟ ਦੇ ਪਿੰਡ ਕੋਟ ਸੁਖੀਆ ਵਿੱਚ ਅਕਾਲੀ ਉਮੀਦਵਾਰ ਗੁਲਜ਼ਾਰ ਰਣੀਕੇ ਨੂੰ ਕਾਲੀਆਂ ਝੰਡੀਆਂ ਵਿਖਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਦਰਦ ਛਲਕ ਪਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਵੋਟ ਨਹੀਂ ਪਾਉਣੀ ਤਾਂ ਨਾ ਪਾਓ ਪਰ ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ।

ਬਾਦਲ ਨੇ ਇਸ ਵਿਰੋਧ ਨੂੰ ਕਾਂਗਰਸ ਦਾ ਘੜਿਆ ਝੂਠਾ ਤੇ ਬੇਬੁਨਿਆਦ ਪਰਪੰਚ ਦੱਸਿਆ ਹੈ। ਬੇਅਦਬੀਆਂ ਬਾਰੇ ਅਕਾਲੀਆਂ ਦਾ ਵਿਰੋਧ ਹੋਣ ਬਾਰੇ ਉਨ੍ਹਾਂ ਆਖਿਆ ਕਿ ਕਾਂਗਰਸੀ ਲੋਕ ਆਪਣੀ ਪੀੜ੍ਹੀ ਹੇਠਾਂ ਸੋਟੀ ਕਿਉਂ ਨਹੀਂ ਫੇਰਦੇ। ਕਾਂਗਰਸ ਨੇ 1984 ’ਚ ਸਿੱਖਾਂ ’ਤੇ ਜ਼ੁਲਮਾਂ ਦੀ ਹੱਦ ਕਰ ਦਿੱਤੀ ਸੀ। ਦਰਬਾਰ ਸਾਹਿਬ ’ਤੇ ਹਮਲਾ ਕਰਕੇ ਕਈ ਨਿਰਦੋਸ਼ ਸਿੱਖਾਂ ਦੀਆਂ ਜਾਨਾਂ ਲਈਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਜੇ.ਜੇ. ਸਿੰਘ ਵੱਲੋਂ ਟਿਕਟ ਵਾਪਸ ਲੈਣ ਮਗਰੋਂ ਬੀਬੀ ਖਾਲੜਾ ਨੂੰ ਟਕਸਾਲੀਆਂ ਦੀ ਸਲਾਹ

ਸਾਬਕਾ ਮੁੱਖ ਮੰਤਰੀ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਦੇ ਮਸਲੇ ’ਤੇ ਸੱਤਾਧਾਰੀ ਧਿਰ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਜੇਕਰ ਕੁੰਵਰ ਵਿਜੈ ਪ੍ਰਤਾਪ ਅੱਜ ਨਹੀਂ ਹੈ ਤਾਂ ਕਮੇਟੀ ਦਾ ਚੇਅਰਮੈਨ ਤਾਂ ਪਹਿਲਾਂ ਵਾਲਾ ਹੈ ਤੇ ਮੈਂਬਰ ਵੀ ਉਹੀ ਹਨ। ਚਾਰ ਕੁ ਤਾਂ ਹੁਣ ਵੀ ਮੌਜੂਦ ਹਨ। ਉਹ ਵੀ ਤਾਂ ਜਾਂਚ ਮੁਕੰਮਲ ਕਰ ਸਕਦੇ ਹਨ, ਫਿਰ ਇਕੱਲੇ ਕੁੰਵਰ ਪ੍ਰਤਾਪ ਨੂੰ ਲੈ ਕੇ ਹੀ ਰੌਲਾ ਕਿਓਂ ਪਾਇਆ ਜਾ ਰਿਹਾ।

ਬਾਦਲ ਨੇ ਕਿਹਾ ਕਿ ਇਸ ਰੌਲੇ-ਰੱਪੇ ਨਾਲ ਕਾਂਗਰਸ ਸਰਕਾਰ ਦੀ ਨੀਅਤ ਉਜਾਗਰ ਹੋ ਰਹੀ ਹੈ ਕਿ ਜਿਹੜਾ ਕੁਝ ਪਹਿਲਾਂ ਤੋਂ ਤੈਅ ਸੀ ਉਹ ਕੁੰਵਰ ਪ੍ਰਤਾਪ ਹੱਥੋਂ ਹੀ ਹੋਣਾ ਸੀ। ਕੁੰਵਰ ਪ੍ਰਤਾਪ ਦੇ ਰੋਲ ਦੀ ਅਸਲੀਅਤ ਕਿਸੇ ਤੋਂ ਨਹੀਂ ਲੁਕੀ-ਛੁਪੀ ਨਹੀਂ।

Source:AbpSanjha