NRI ਧੋਖੇਬਾਜ਼ ਪਤੀਆਂ ਵੱਲੋਂ ਪੀੜਤ ਮੁਟਿਆਰਾਂ ਨੇ ਵਿਸ਼ੇਸ਼ ਕੌਮਾਂਤਰੀ ਕਾਨੂੰਨ ਦੀ ਕੀਤੀ ਮੰਗ

Marriage Bride Groom

ਸੰਕੇਤਕ ਤਸਵੀਰ

ਪਰਮਿੰਦਰ ਕੌਰ (ਬਦਲਿਆ ਹੋਇਆ ਨਾਂਅ) ਦਾ ਕਹਿਣਾ ਹੈ ਕਿ 2015 ‘ਚ ਉਨ੍ਹਾਂ ਦਾ ਵਿਆਹ ਇੱਕ ਸੁਫ਼ਨਾ ਸੱਚ ਹੋਣ ਜਿਹਾ ਸੀ ਤੇ ਉਸ ਤੋਂ ਬਾਅਦ ਦੇ 40 ਦਿਨ ਉਨ੍ਹਾਂ ਦੀ ਜ਼ਿੰਦਗੀ ਦੇ ਬੇਹਤਰੀਨ ਪਲ ਸਨ। ਪਰ ਉਸਦੇ ਪਤੀ ਦੇ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਜਾਣ ਤੋਂ ਬਾਅਦ ਹਾਲਾਤ ਪੂਰੀ ਤਰ੍ਹਾਂ ਬਦਲ ਗਏ। ਪਰਮਿੰਦਰ ਨੇ ਕਿਹਾ ਕਿ ਉਸ ਦੇ ਪਤੀ ਦੇ ਜਾਂਦਿਆਂ ਹੀ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਉਸ ਦੇ ਪੇਕਿਆਂ ਤੋਂ ਹਰ ਮਹੀਨੇ ਇੱਕ ਲੱਖ ਰੁਪਏ ਦਾਜ ਦੇ ਰੂਪ ‘ਚ ਮੰਗਣੇ ਸ਼ੁਰੂ ਕਰ ਦਿੱਤੇ।

ਪਰਮਿੰਦਰ ਨੇ ਦੱਸਿਆ ਕਿ ਸਹੁਰਿਆਂ ਨੇ ਮੇਰੇ ਘਰਵਾਲਿਆਂ ਨੂੰ ਕਿਹਾ ਕਿ ਮੈਨੂੰ ਰੋਟੀ ਖਵਾਉਣ ਲਈ ਪੈਸੇ ਚਾਹੀਦੇ ਹਨ ਤੇ ਮੇਰੇ ਮਾਪਿਆਂ ਵੱਲੋਂ ਮਨ੍ਹਾਂ ਕਰਨ ‘ਤੇ ਉਨ੍ਹਾਂ ਮੈਨੂੰ ਤੰਗ ਕੀਤਾ। ਪਰਮਿੰਦਰ ਨੇ ਕਿਹਾ ਕਿ ਮੈਨੂੰ ਤੰਗ ਪਰੇਸ਼ਾਨ ਕਰਨ ਦਰਮਿਆਨ ਉਸ ਦਾ ਸਹੁਰਾ ਪਰਿਵਾਰ ਅਚਾਨਕ ਕੈਨੇਡਾ ਚਲਾ ਗਿਆ ਤੇ ਉਸ ਤੋਂ ਬਾਅਦ ਪਰਮਿੰਦਰ ਦੀ ਆਪਣੇ ਪਤੀ ਤੇ ਸਹੁਰਾ ਪਰਿਵਾਰ ਨਾਲ ਕੋਈ ਗੱਲ ਨਹੀਂ ਹੋਈ। ਏਨਾ ਹੀ ਨਹੀਂ ਬਾਅਦ ‘ਚ ਉਸਦੇ ਪਤੀ ਨੇ ਇੱਕਤਰਫ਼ਾ ਤਲਾਕ ਦੇਕੇ ਦੂਜਾ ਵਿਆਹ ਕਰਵਾ ਲਿਆ। ਪਰਮਿੰਦਰ ਤੇ ਉਸ ਵਾਂਗ ਧੋਖੇ ਦੀਆਂ ਸ਼ਿਕਾਰ ਮਹਿਲਾਵਾਂ ਹੁਣ ਇੱਕ ਅਜਿਹੇ ਵਿਸ਼ੇਸ਼ ਅੰਤਰ-ਰਾਸ਼ਟਰੀ ਕਾਨੂੰਨ ਦੀ ਮੰਗ ਕਰ ਰਹੀਆਂ ਹਨ ਜਿਸ ਨਾਲ ਭਗੌੜੇ ਪਤੀਆਂ ਦੀ ਵਪਾਸੀ ਸੰਭਵ ਹੋ ਸਕੇ।

ਸ਼ਿਲਪਾ (ਬਦਲਿਆ ਹੋਇਆ ਨਾਂਅ) 2010 ‘ਚ ਵਿਆਹ ਕਰਕੇ ਅਮਰੀਕਾ ਜਾਣ ਤੋਂ ਪਹਿਲਾਂ ਇੱਕ ਆਈਟੀ ਕੰਪਨੀ ‘ਚ ਕੰਮ ਕਰਦੀ ਸੀ। ਉਹ ਦੱਸਦੀ ਹੈ ਕਿ ਜਿਵੇਂ ਹੀ ਕੈਲੇਫੋਰਨੀਆ ਪਹੁੰਚੀ ਤਾਂ ਮੇਰੇ ਪਤੀ ਨੇ ਮੇਰੇ ਸਾਰੇ ਦਸਤਾਵੇਜ਼ ਤੇ ਪੈਸੇ ਲੈ ਲਏ। ਉਸ ਨੇ ਕਈ ਵਾਰ ਮੇਰੇ ਨਾਲ ਬਲਾਤਕਾਰ ਕੀਤਾ। ਇੱਕ ਦਿਨ ਉਸ ਨੇ ਅਜਿਹਾ ਹੀ ਕੀਤਾ ਤੇ ਫਿਰ ਸੜਕ ‘ਤੇ ਸੁੱਟ ਕੇ ਚਲਾ ਗਿਆ। ਸ਼ਿਲਪਾ ਮੁਤਾਬਕ ਉਸ ਕੋਲ ਵਾਪਸ ਆਉਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ।

30 ਸਾਲਾ ਸ਼ਿਲਪਾ ਆਪਣੀ 8 ਸਾਲਾ ਬੇਟੀ ਨਾਲ ਦਿੱਲੀ ਰਹਿੰਦੀ ਹੈ। ਉਸ ਨੇ ਆਪਣੇ ਪਤੀ ਖ਼ਿਲਾਫ਼ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਪਰ ਉਹ ਵਾਪਸ ਪਰਤ ਕੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੈਂ ਹਾਲ ਹੀ ‘ਚ ਸੋਸ਼ਲ ਮੀਡੀਆ ਤੇ ਦੇਖਿਆ ਕਿ ਉਸ ਨੇ ਮੁੜ ਵਿਆਹ ਕਰਵਾ ਲਿਆ। ਸ਼ਿਲਪਾ ਦਾ ਸਵਾਲ ਹੈ ਕਿ ਉਸ ‘ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ?

ਇਸ ਤਰ੍ਹਾਂ ਦੇ ਹੀ ਹਾਲਾਤ ਦਾ ਸਾਹਮਣਾ ਕਰ ਚੁੱਕੀ ਸਮ੍ਰਿਤੀ (ਬਦਲਿਆ ਹੋਇਆ ਨਾਂਅ) ਨੂੰ ਉਸ ਦੇ ਪਤੀ ਨੇ ਮੈਲਬਰਨ ‘ਚ ਇਕੱਲਾ ਛੱਡ ਦਿੱਤਾ ਸੀ ਜਿਸ ਤੋਂ ਬਾਅਦ ਉਹ ਡਿਪ੍ਰੈਸ਼ਨ ‘ਚ ਚਲੇ ਗਈ। ਪਰਮਿੰਦਰ, ਸ਼ਿਲਪਾ ਤੇ ਸਮ੍ਰਿਤੀ ਦਾ ਮੰਨਣਾ ਹੈ ਕਿ ਇੱਕ ਅੰਤਰ-ਰਾਸ਼ਟਰੀ ਕਾਨੂੰਨ ਉਨ੍ਹਾਂ ਜਿਹੀਆਂ ਕਈ ਹੋਰ ਮਹਿਲਾਵਾਂ ਨੂੰ ਕੁਝ ਹੱਦ ਤਕ ਇਨਸਾਫ਼ ਦਿਵਾਏਗਾ। ਉਨ੍ਹਾਂ ਧਾਰਾ 498ਏ ‘ਚ ਬਲਾਤਕਾਰ, ਕੁੱਟਮਾਰ, ਧੋਖਾਧੜੀ ਜਿਹੇ ਕਈ ਵੱਡੇ ਅਪਰਾਧ ਸ਼ਾਮਲ ਕੀਤੇ ਜਾਣ ਦੀ ਮੰਗ ਵੀ ਕੀਤੀ ਜਿਸ ਨਾਲ ਭਗੌੜੇ ਹੋ ਚੁੱਕੇ ਪਤੀਆਂ ਦੀ ਵਾਪਸੀ ਸੰਭਵ ਹੋ ਸਕੇ।

Source:AbpSanjha