ਫੂਲਕਾ ਤੇ ਖਹਿਰਾ ਮਗਰੋਂ ਮਾਸਟਰ ਬਲਦੇਵ ਸਿੰਘ ਹੋਏ ‘ਆਪ’ ਤੋਂ ਵੱਖ , ਕੇਜਰੀਵਾਲ ਨੂੰ ਲਿਖੀ ਮਿਹਣਿਆਂ ਭਰੀ ਚਿੱਠੀ

Arvind Kejriwal Master Baldev Singh MLA

ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਪੰਜਾਬੀ ਏਕਤਾ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਹਣਿਆਂ ਭਰੀ ਚਿੱਠੀ ਲਿਖੀ ਹੈ। ਬਲਦੇਵ ਸਿੰਘ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਸਮੇਂ ਪਾਰਟੀ ਦੇ ਸੀਨੀਅਰ ਲੀਡਰਾਂ ਖ਼ਾਸ ਕਰਕੇ ਦੁਰਗੇਸ਼ ਪਾਠਕ ‘ਤੇ ਕਈ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਉਹ ‘ਆਪ’ ਦੀ ਵਿਚਾਰਧਾਰਾ ‘ਚ ਫਰਕ ਆਉਣ ਕਰਕੇ ਪਾਰਟੀ ਛੱਡਣ ਲਈ ਮਜਬੂਰ ਹੋਏ ਹਨ।

ਮਾਸਟਰ ਬਲਦੇਵ ਸਿੰਘ ਨੇ ਕਿਹਾ ਦੁਰਗੇਸ਼ ਪਾਠਕ ਦਿੱਲੀ ਬੈਠ ਕੇ ਪੰਜਾਬ ਦੀ ਸਿਆਸਤ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਲਿਖੀ ਆਪਣੀ ਚਿੱਠੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਲੀਡਰਾਂ ਵੱਲੋਂ ਔਰਤਾਂ ਦੇ ਜਿਣਸੀ ਸੋਸ਼ਣ ਤੋਂ ਲੈ ਕੇ ਟਿਕਟਾਂ ਵੇਚਣ ਤਕ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੀਡਰ ਆਪਣੇ ਚਹੇਤਿਆਂ ਨੂੰ ਅੱਗੇ ਲਿਆਉਂਦੇ ਰਹੇ ਪਰ ਕੇਜਰੀਵਾਲ ਨੇ ਕੁਝ ਨਾ ਕੀਤਾ।

ਇਸ ਸਭ ਤੋਂ ਅੱਕ ਕੇ ਉਨ੍ਹਾਂ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ। ਬਲਦੇਵ ਸਿੰਘ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਅੰਨਾ ਹਜ਼ਾਰੇ ਦੀ ਸੋਚ ਨਾਲ ਜੁੜੇ ਸੀ ਪਰ ਉਹ ਸੋਚਦੇ ਵਿੱਚ ਕੇਜਰੀਵਾਲ ਨੇ ਫਿੱਕ ਪਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸੂਬੇ ਵਿੱਚ ਪੰਜਾਬੀ ਏਕਤਾ ਪਾਰਟੀ ਨੂੰ ਸਥਾਪਤ ਕਰਨ ਲਈ ਪੂਰਾ ਜ਼ੋਰ ਲਗਾਇਆ ਜਾਏਗਾ।

ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਫੂਲਕਾ ਤੇ ਸੁਖਪਾਲ ਸਿੰਘ ਖਹਿਰਾ ਮਗਰੋਂ ਮਾਸਟਰ ਬਲਦੇਵ ਸਿੰਘ ਨੇ ‘ਆਪ’ ਤੋਂ ਵੱਖ ਹੋ ਗਏ ਹਨ। ਇੱਕ ਮਹੀਨੇ ਦੇ ਘੱਟ ਸਮੇਂ ਤੋਂ ਪੰਜਾਬ ਵਿਧਾਨ ਸਭਾ ਵਿੱਚ 20 ਵਿਧਾਇਕਾਂ ਵਾਲੀ ਪਾਰਟੀ ਤੋਂ ਤਿੰਨ ਵਿਧਾਇਕਾਂ ਦੇ ਜਾਣ ਨਾਲ ਅਸੈਂਬਲੀ ਵਿੱਚ ਪਾਰਟੀ ਦੀ ਹਾਲਤ ਲੜਖੜਾਉਂਦੀ ਜਾਪ ਰਹੀ ਹੈ। ਜੇਕਰ ਇਹ ਕਵਾਇਦ ਜਾਰੀ ਰਹਿੰਦੀ ਹੈ ਤਾਂ ਪਾਰਟੀ ਮੁੱਖ ਵਿਰੋਧੀ ਧਿਰ ਅਖਵਾਉਣ ਦੀ ਸਥਿਤੀ ਵਿੱਚ ਵੀ ਨਹੀਂ ਰਹੇਗੀ।

ਹੇਠਾਂ ਪੜ੍ਹੋ ਮਾਸਟਰ ਬਲਦੇਵ ਸਿੰਘ ਵੱਲੋਂ ਕੇਜਰੀਵਾਲ ਨੂੰ ਲਿਖੀ ਚਿੱਠੀ-

ਵੱਲ

ਸ਼੍ਰੀ ਅਰਵਿੰਦ ਕੇਜਰੀਵਾਲ,

ਤੀਸਰੀ ਵਾਰ ਕਨਵੀਨਰ,

ਆਮ ਆਦਮੀ ਪਾਰਟੀ,

ਨਵੀਂ ਦਿੱਲੀ।

ਵਿਸ਼ਾ :- ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੇਰਾ ਅਸਤੀਫਾ।

ਸਤਿਕਾਰਯੋਗ ਕੇਜਰੀਵਾਲ ਜੀ,

ਮੈਂ ਬਹੁਤ ਦੁਖੀ ਮਨ ਨਾਲ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ਕਿਉਂਕਿ ਪਾਰਟੀ ਨੇ ਆਪਣੀ ਮੁੱਢਲੀ ਵਿਚਾਰਧਾਰਾ ਅਤੇ ਸਿਧਾਂਤਾਂ ਨੂੰ ਪੂਰੀ ਤਰਾਂ ਨਾਲ ਛਿੱਕੇ ਉੱਤੇ ਟੰਗ ਦਿੱਤਾ ਹੈ।

ਅੰਨਾ ਹਜਾਰੇ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਈ ਗਈ ਮੁੰਹਿਮ ਤੋਂ ਮੈਂ ਬਹੁਤ ਜਿਆਦਾ ਪ੍ਰਭਾਵਿਤ ਅਤੇ ਪ੍ਰੇਰਿਤ ਹੋਇਆ ਅਤੇ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਦਾ ਫੈਸਲਾ ਕਰ ਲਿਆ।ਦੇਸ਼ ਅਤੇ ਵਿਸ਼ੇਸ਼ ਤੋਰ ਉੱਤੇ ਪੰਜਾਬ ਦੇ ਸਮਾਜਿਕ ਸਿਆਸੀ ਹਲਾਤ ਸੁਧਾਰਨ ਲਈ ਮੈਂ ਹੈਡ ਟੀਚਰ ਦੀ ਆਪਣੀ ਸਰਕਾਰੀ ਨੋਕਰੀ ਛੱਡ ਦਿੱਤੀ ਭਾਂਵੇ ਕਿ ਮੇਰੀ ਨੋਕਰੀ ਦੇ 4 ਸਾਲ ਹਾਲੇ ਬਾਕੀ ਸਨ। ਮੇਰੇ ਇਸ ਕਦਮ ਨੇ ਨਾ ਸਿਰਫ ਮੇਰੇ ਪਰਿਵਾਰ ਵਿਚ ਘਬਰਾਹਟ ਫੈਲਾ ਦਿੱਤੀ ਬਲਕਿ ਮੇਰਾ ਭਵਿੱਖ ਵੀ ਹਨੇਰੇ ਵਿੱਚ ਸੀ ਪਰੰਤੂ ਫਿਰ ਵੀ ਮੈਂ ਸਿਰਫ ਤੁਹਾਡੇ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਲੁਭਾਵਣੇ ਵਾਅਦਿਆਂ ਕਾਰਨ ਇਹ ਰਿਸਕ ਉਠਾਉਣ ਨੂੰ ਪਹਿਲ ਦਿੱਤੀ।

ਮੇਰੇ ਵਾਂਗ ਹੀ ਹੋਰ ਬਹੁਤ ਸਾਰੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਤੀਸਰੇ ਬਦਲ ਰਾਹੀ ਪੰਜਾਬ ਦੇ ਹਲਾਤ ਸੁਧਾਰਨ ਦਾ ਸੁਪਨਾ ਦੇਖਿਆ ਅਤੇ ਤਹਿ ਦਿਲ ਤੋਂ ਇਸ ਸੁਪਨੇ ਦੀ ਹਮਾਇਤ ਕਰਦੇ ਹੋਏ 2014 ਲੋਕ ਸਭਾ ਚੋਣਾਂ ਦੋਰਾਨ ਉਸ ਵੇਲੇ ਸੂਬੇ ਵਿੱਚੋਂ 4 ਐਮ.ਪੀ ਜਿਤਾ ਕੇ ਭੇਜੇ ਜਦ ਦੇਸ਼ ਭਰ ਵਿੱਚ ਜਿਆਦਾਤਾਰ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ। ਪੰਜਾਬੀਆਂ ਦੀਆਂ ਯੋਗਤਾਵਾਂ ਉੱਪਰ ਭਰੋਸਾ ਕਰਨ ਅਤੇ ਉਹਨਾਂ ਨੂੰ ਇਨਾਮ ਦੇਣ ਦੀ ਬਜਾਏ ਤੁਸੀਂ ਸਾਡੇ ਲੋਕਾਂ ਦੀ ਅਵਾਜ਼ ਦਬਾਉਣ ਲਈ ਬਾਹਰੀ ਵਿਅਕਤੀਆਂ ਦੀ ਇੱਕ ਫੋਜ ਭੇਜ ਦਿੱਤੀ। ਉਕਤ ਫੋਜ ਦੇ ਮੁਖੀ ਦੋ ਤਾਨਾਸ਼ਾਹ ਸੂਬੇਦਾਰ ਸਨ ਜਿਹਨਾਂ ਨੇ ਆਪਣੇ ਚਹੇਤਿਆਂ ਨੂੰ ਪ੍ਰਮੋਟ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਇਸ ਤੋਂ ਬਾਅਦ ਪੈਸੇ ਦੇ ਲੈਣ ਦੇਣ, ਪੱਖਪਾਤ ਅਤੇ ਅੋਰਤਾਂ ਦੇ ਸੋਸ਼ਣ ਵਰਗੇ ਹਰ ਤਰਾਂ ਦੇ ਇਲਜਾਮ ਲਗਣੇ ਸ਼ੁਰੂ ਹੋ ਗਏ। ਪੰਜਾਬ ਦੇ ਅਨੇਕਾਂ ਆਪ ਵਲੰਟੀਅਰਾਂ ਨੇ ਇਹਨਾਂ ਦੀਆਂ ਗਤੀਵਿਧੀਆਂ ਖਿਲਾਫ ਤੁਹਾਡੇ ਕੋਲ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਆਪਣੇ ਚਹੇਤਿਆਂ ਨੂੰ ਬਚਾਉਣ ਲਈ ਤੁਸੀਂ ਅੱਖਾਂ ਬੰਦ ਕਰੀ ਰੱਖੀਆਂ।

ਪਾਰਟੀ ਦੀ ਪ੍ਰਣਾਲੀ ਵਿੱਚ ਇਸ ਤਾਨਾਸ਼ਾਹੀ ਅਤੇ ਅਤਿ ਵਿਸ਼ਵਾਸ ਦੇ ਵਤੀਰੇ ਨੇ 2017 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਿੱਤੀ। ਇਸ ਤੋਂ ਕੋਈ ਵੀ ਸਬਕ ਨਾ ਸਿੱਖਦੇ ਹੋਏ ਤੁਸੀਂ ਸ਼ਰਮਨਾਕ ਹਾਰ ਦੇ ਨਤੀਜੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਮੁੜ ਫਿਰ ਪੰਜਾਬ ਦੀ ਵਾਗਡੋਰ ਦੁਰਗੇਸ਼ ਪਾਠਕ ਵਰਗੇ ਸ਼ਾਤਿਰ ਆਗੂਆਂ ਹੱਥ ਦੇ ਦਿੱਤੀ।

ਅਸੀਂ ਸਾਰੇ ਪੰਜਾਬ ਵਿੱਚ ਬਹੁਤ ਹੈਰਾਨ ਹੋਏ ਜਦ ਬਿਨਾਂ ਪੰਜਾਬ ਦੇ ਵਿਧਾਇਕਾਂ ਨੂੰ ਭਰੋਸੇ ਵਿੱਚ ਲਏ ਸੁਖਾਪਲ ਸਿੰਘ ਖਹਿਰਾ ਵਰਗੇ ਇੱਕ ਈਮਾਨਦਾਰ ਵਿਅਕਤੀ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਪਦ ਤੋਂ ਗੈਰਲੋਕਤੰਤਰਿਕ ਤਰੀਕੇ ਨਾਲ ਹਟਾਇਆ ਗਿਆ। ਭਾਂਵੇ ਕਿ ਤੁਹਾਡੇ ਕੁਝ ਪਸੰਦੀਦਾ ਵਿਧਾਇਕ ਦਿੱਲੀ ਪਹਿਲਾਂ ਤੋਂ ਹੀ ਸੋਚੀ ਗਈ ਮੀਟਿੰਗ ਵਿੱਚ ਬੁਲਾਏ ਗਏ ਸਨ ਪਰੰਤੂ ਜਿਆਦਾਤਰ ਵਿਧਾਇਕਾਂ ਨੂੰ ਵਟਸਐਪ ਰਾਹੀਂ ਇੱਕ ਚਿੱਠੀ ਭੇਜ ਕੇ ਉਸ ਉੱਪਰ ਹਸਤਾਖਰ ਕਰਨ ਲਈ ਦਬਾਅ ਬਣਾਇਆ ਗਿਆ। ਕੁਝ ਵਿਧਾਇਕਾਂ ਦੇ ਵਿਚਾਰ ਜਾਣਨ ਲਈ ਮਨੀਸ਼ ਸਿੋਸਦੀਆ ਨੇ ਫੋਨ ਵੀ ਕੀਤੇ ਪਰੰਤੂ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਗੈਰਸੰਵਿਧਾਨਕ ਤਰੀਕੇ ਨਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾਏ ਜਾਣ ਸਮੇਂ ਮੇਰੇ ਵਿਚਾਰ ਜਾਣਨ ਵਾਸਤੇ ਨਾ ਤਾਂ ਮੈਨੂੰ ਕਿਸੇ ਮੀਟਿੰਗ ਵਿੱਚ ਬੁਲਾਇਆ ਗਿਆ ਅਤੇ ਨਾ ਹੀ ਮੈਨੂੰ ਫੋਨ ਕੀਤਾ ਗਿਆ। ਪੰਜਾਬੀਆਂ ਦੇ ਜਖਮਾਂ ਉੱਪਰ ਲੂਣ ਛਿੜਕਦੇ ਹੋਏ ਤੁਸੀਂ ਖਹਿਰਾ ਨੂੰ ਹਟਾਉਣ ਲਈ ਦਲਿਤ ਕਾਰਡ ਖੇਡਿਆ ਅਤੇ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰ ਦਿੱਤਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦਾ ਟਰੈਕ ਰਿਕਾਰਡ ਦੇਖਦੇ ਹੋਏ ਪੰਜਾਬ ਦਾ ਕੋਈ ਵੀ ਦਲਿਤ ਤੁਹਾਡੇ ਦਲਿਤ ਵਾਲੇ ਡਰਾਮੇ ਨਾਲ ਸਹਿਮਤ ਨਹੀਂ ਹੈ। 2017 ਚੋਣਾਂ ਤੋਂ ਬਾਅਦ ਪਾਰਟੀ ਦੇ ਸੰਗਠਨ ਵਿੱਚ ਵਿਸਥਾਰ ਕਰਦੇ ਸਮੇਂ 26 ਜਿਲਾ ਪ੍ਰਧਾਨਾਂ ਵਿੱਚ ਕਿਸੇ ਵੀ ਦਲਿਤ ਨੂੰ ਪ੍ਰਧਾਨ ਨਹੀਂ ਲਗਾਇਆ ਗਿਆ, ਨਾ ਹੀ ਕਿਸੇ ਨੂੰ ਜੋਨ ਪ੍ਰਧਾਨ ਲਗਾਇਆ ਗਿਆ ਅਤੇ ਨਾ ਹੀ ਦਿੱਲੀ ਦੀਆਂ ਤਿੰਨ ਰਾਜ ਸਭਾ ਸੀਟਾਂ ਵਿੱਚੋਂ ਕੋਈ ਵੀ ਦਲਿਤ ਨੂੰ ਦਿੱਤੀ ਗਈ। ਜੇ ਤੁਸੀਂ ਕਮਜੋਰ ਵਰਗਾਂ ਅਤੇ ਦਲਿਤਾਂ ਦੀ ਬਿਹਤਰੀ ਲਈ ਇੰਨੇ ਹੀ ਚਿੰਤਤ ਹੋ ਤਾਂ ਤੁਸੀਂ ਆਮ ਆਦਮੀ ਪਾਰਟੀ ਦੀਆਂ ਉੱਚ ਤਿੰਨ ਪੋਜੀਸ਼ਨਾਂ ਕਨਵੀਨਰ, ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਵਿੱਚੋਂ ਕੋਈ ਇੱਕ ਦਲਿਤ ਨੂੰ ਦੇ ਦੇਵੋ ਜੋ ਕਿ ਤੁਹਾਡੇ ਅਤੇ ਮਨੀਸ਼ ਸਿਸੋਦੀਆ ਕੋਲ ਹਨ।

ਡਰੱਗਸ ਦੇ ਦਾਗੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਕੋਲੋਂ ਤੁਹਾਡੇ ਵੱਲੋਂ ਮੰਗੀ ਗਈ ਕਾਇਰਤਾ ਭਰਪੂਰ ਮੁਆਫੀ ਨੇ ਸਿਆਸਤ ਵਿੱਚ ਤੁਹਾਡੇ ਦੋਹਰੇ ਮਾਪਦੰਡਾਂ ਦਾ ਖੁਲਾਸਾ ਕੀਤਾ। ਪੰਜਾਬ ਦੇ ਦਰਿਆਈ ਪਾਣੀਆਂ ਦੇ ਅਹਿਮ ਮੁੱਦੇ ਉੱਪਰ ਤੁਹਾਡੇ ਦੋਗਲੇ ਬਿਆਨਾਂ ਨੇ ਤੁਹਾਨੂੰ ਭਾਰਤ ਦੇ ਚਤੁਰ ਲੀਡਰਾਂ ਦੀ ਜਮਾਤ ਵਿੱਚ ਲਿਆ ਖੜਾ ਕੀਤਾ। ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਆਪਣੇ ਕੋਲ ਕਰਕੇ ਤੁਸੀਂ ਆਪਣੇ ਸੱਭ ਤੋਂ ਅਹਿਮ ਵਾਅਦੇ ਸਵਰਾਜ ਤੋਂ ਵੀ ਸ਼ਰੇਆਮ ਮੁੱਕਰ ਗਏ ਹੋ।ਸਿਰਫ ਪਾਰਟੀ ਉੱਪਰ ਆਪਣਾ ਕਬਜ਼ਾ ਰੱਖਣ ਅਤੇ ਕਨਵੀਨਰ ਬਣੇ ਰਹਿਣ ਲਈ ਤੁਸੀਂ ਪਾਰਟੀ ਦੇ ਸੰਵਿਧਾਨ ਨੂੰ ਵੀ ਛਿੱਕੇ ਉੱਪਰ ਟੰਗ ਦਿੱਤਾ। ਕਾਂਗਰਸ ਨਾਲ ਮੁੜ ਮੁੜ ਹੋ ਰਹੀ ਤੁਹਾਡੀ ਗੱਲਬਾਤ ਵੀ ਸਿਆਸੀ ਮੋਕਾਪ੍ਰਸਤੀ ਦੀ ਇੱਕ ਉਦਾਹਰਣ ਹੈ ਜਿਸਨੇ ਕਿ ਭਾਰਤ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

ਇਸ ਲਈ ਦੁਖਦਾਈ ਘਟਨਾਕ੍ਰਮ ਅਤੇ ਹਲਾਤਾਂ ਜਿਹਨਾਂ ਕਾਰਨ ਆਮ ਆਦਮੀ ਪਾਰਟੀ ਵੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਆਦਿ ਵਰਗੀਆਂ ਰਵਾਇਤੀ ਭ੍ਰਿਸ਼ਟ ਪਾਰਟੀਆਂ ਦੀ ਕਤਾਰ ਵਿੱਚ ਆ ਗਈ ਹੈ, ਇਹਨਾਂ ਗੱਲਾਂ ਨੂੰ ਮੱਦੇਨਜਰ ਰੱਖਦੇ ਹੋਏ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।

ਧੰਨਵਾਦ ਸਹਿਤ,

ਮਾਸਟਰ ਬਲਦੇਵ ਸਿੰਘ

ਐਮ.ਐਲ.ਏ, ਜੈਤੋ

Source:AbpSanjha