ਭਗਵੰਤ ਮਾਨ ਦੀ ਕੈਪਟਨ ਨੂੰ ਵੰਗਾਰ, ਕਿਹਾ ਮਾਫ਼ੀਆ ਤੇ ਖਿੱਚੋ ਲਗਾਮ

Bhagwant Mann

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਦਿਆਂ ਕਿਹਾ ਹੈ ਕਿ ਮਾਫ਼ੀਆ ਰਾਜ ਦੀ ਲਗਾਮ ਖਿੱਚੀ ਜਾਵੇ। ਸੂਬੇ ਵਿੱਚ ਮਾਫ਼ੀਆ ਰਾਜ ਵੱਲੋਂ ਰੋਜ਼ਾਨਾਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਦਾ ਇਲਜ਼ਾਮ ਲਾਉਂਦਿਆਂ ਮਾਨ ਨੇ ਕਿਹਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਦਰਕਿਨਾਰ ਕਰਕੇ ਅੱਖਾਂ ਬੰਦ ਕਰੀ ਬੈਠੀ ਹੈ। ਕਾਂਗਰਸ ਸਰਕਾਰ ਦੀ ਸਥਾਪਤੀ ਤੋਂ ਬਾਅਦ ਸੂਬੇ ਵਿੱਚ ਮਾਫ਼ੀਆ ਰਾਜ ਦਾ ਪ੍ਰਕੋਪ ਹੋਰ ਵੀ ਵਧਿਆ ਹੈ।

ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਤੇ ਮੌਜੂਦਾ ਕਾਂਗਰਸ ਸਰਕਾਰ ਸੂਬੇ ਵਿੱਚ ਲੈਂਡ ਮਾਫ਼ੀਆ, ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਤੇ ਨਸ਼ਾ ਮਾਫ਼ੀਆ ਆਦਿ ਨੂੰ ਬੜ੍ਹਾਵਾ ਦੇਣ ਲਈ ਬਰਾਬਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਮਾਫ਼ੀਆ ਸੂਬਾ ਸਰਕਾਰ ਤੇ ਸਿਆਸੀ ਆਗੂਆਂ ਦੀ ਸਹਿ ਹੇਠ ਬਿਨਾ ਕਿਸੇ ਡਰ ਤੋਂ ਕਾਰਜ ਕਰ ਰਿਹਾ ਹੈ।

ਇਹ ਵੀ ਪੜ੍ਹੋ : ਫ਼ਤਿਹਗੜ ਸਾਹਿਬ, ਜਲੰਧਰ ਅਤੇ ਗੁਰਦਾਸਪੁਰ ਸੀਟ ਲਈ ‘ਆਪ’ ਨੇ ਐਲਾਨੇ ਆਪਣੇ ਉਮੀਦਵਾਰ

ਮਾਨ ਨੇ ਕਿਹਾ ਕਿ ਇਹ ਮਾਫ਼ੀਆ ਇੰਨਾ ਬੇਖ਼ੌਫ ਕਾਰਜ ਕਰ ਰਿਹਾ ਹੈ ਕਿ ਉਹ ਕਾਨੂੰਨ ਤੇ ਪੁਲਿਸ ਤੋਂ ਨਹੀਂ ਡਰਦਾ। ਮੀਡੀਆ ਵਿੱਚ ਆਈਆਂ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਮਾਨ ਨੇ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਰੇਤ ਮਾਫ਼ੀਆ ਵੱਲੋਂ 20 ਸਾਲਾ ਨੌਜਵਾਨ ਦਾ ਕਤਲ ਕਰਨਾ ਇਹ ਸਿੱਧ ਕਰਦਾ ਹੈ ਕਿ ਸਿਆਸੀ ਆਗੂਆਂ ਦੇ ਸ਼ਹਿ ਨਾਲ ਮਾਫ਼ੀਆ ਦੇ ਲੋਕ ਲੋਕਾਂ ਦੀ ਜਾਨ ਲੈਣ ‘ਤੇ ਵੀ ਉਤਾਰੂ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਅਜਿਹੀ ਹੀ ਘਟਨਾ ਕੁਝ ਦਿਨ ਪਹਿਲਾਂ ਮੋਗਾ ਖੇਤਰ ਵਿਚ ਵੀ ਹੋਈ ਸੀ ਜਿਸ ਵਿਚ ਵੀ ਰੇਤ ਮਾਫ਼ੀਆ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਨ੍ਹਾਂ ਮਾਮਲਿਆਂ ਵਿਚ ਚੁੱਪੀ ਵੀ ਕਾਂਗਰਸੀ ਆਗੂਆਂ ਦੀ ਮਾਫ਼ੀਆ ਨਾਲ ਮਿਲੀਭੁਗਤ ਜੱਗ ਜਾਹਿਰ ਕਰਦੀ ਹੈ।

ਮਾਨ ਨੇ ਮੰਗ ਕੀਤੀ ਕਿ ਸਰਕਾਰ ਸੂਬੇ ਵਿਚ ਚੱਲ ਰਹੇ ਹਰ ਤਰ੍ਹਾਂ ਦੇ ਮਾਫ਼ੀਆ ਨੂੰ ਸਖ਼ਤੀ ਨਾਲ ਨਜਿੱਠੇ ਤੇ ਸੂਬੇ ਦੇ ਖ਼ਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਅਤੇ ਲੋਕਾਂ ਦੀ ਜਾਨ ਲੈਣ ਵਾਲੇ ਮਾਫ਼ੀਆ ਦੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਕਰਨ ਵਿਚ ਫ਼ੇਲ੍ਹ ਸਾਬਤ ਹੁੰਦੀ ਹੈ ਤਾਂ ਗੁੰਗੀ ਬੋਲੀ ਸਰਕਾਰ ਜਗਾਉਣ ਲਈ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰੇਗੀ।

Source:AbpSanjha