ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ ਮਲਣ ਵਾਲਿਆਂ ਦੀ ਗ੍ਰਿਫਤਾਰੀ ‘ਤੇ ਭੜਕੇ ਸੁਖਬੀਰ ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੁਧਿਆਣਾ ਵਿੱਚ ਰਾਜੀਵ ਗਾਂਧੀ ਦੇ ਬੁੱਤ ਉੱਤੇ ਕਾਲਖ ਮਲਣ ਵਾਲੇ ਯੂਥ ਅਕਾਲੀ ਦਲ ਦੇ ਲੀਡਰਾਂ ਬਾਰੇ ਕਿਹਾ ਕਿ ਉਹ ਉਕਤ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਉਨ੍ਹਾਂ ਨੌਜਵਾਨਾਂ ਖ਼ਿਲਾਫ਼ ਹੋ ਰਹੀ ਪੁਲਿਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਸਿੱਖ ਵੱਲੋਂ ਆਪਣੀ ਪੱਗ ਨਾਲ ਕਾਲਖ ਸਾਫ ਕਰਨ ਨੂੰ ਮੰਦਭਾਗਾ ਕਿਹਾ।

ਦਰਅਸਲ ਸੁਖਬੀਰ ਬਾਦਲ ਕਸਬਾ ਟਾਂਡਾ ਅਧੀਨ ਅਕਾਲੀ ਦਲ ਲੀਡਰ ਅਰਵਿੰਦਰ ਸਿੰਘ ਅਸੂਲਪੁਰ ਦੇ ਪਿਤਾ ਚੰਨਣ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਲਮ ਹੋਣ ਲਈ ਪੁੱਜੇ ਸਨ। ਇਸੇ ਦੌਰਾਨ ਉਨ੍ਹਾਂ ਉਕਤ ਬਿਆਨ ਦਿੱਤਾ ਤੇ ਕਾਂਗਰਸ ’ਤੇ ਤਿੱਖੇ ਵਾਰ ਕੀਤੇ। ਉਨ੍ਹਾਂ ਕਿਹਾ ਕਿ 1984 ਕਤਲੇਆਮ ਸਬੰਧੀ ਗਾਂਧੀ ਪਰਿਵਾਰ ਦਾ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਅਦਾਲਤ ਨੇ ਰਾਜੀਵ ਗਾਂਧੀ ਦੇ ਨਾਲ-ਨਾਲ ਕਾਂਗਰਸੀ ਲੀਡਰ ਸੱਜਣ ਕੁਮਾਰ ਦੀ ਸ਼ਮੂਲੀਅਤ ਵੀ ਮੰਨੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਉਹ ਗਾਂਧੀ ਦੇ ਬੁੱਤ ’ਤੇ ਕਾਲਖ ਮਲਣ ਵਾਲੇ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਤਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਪਰ ਜਦੋਂ 1984 ਵੇਲੇ ਹਜ਼ਾਰਾਂ ਸਿੱਖਾਂ ਨੂੰ ਮਾਰਿਆ ਗਿਆ ਉਸ ਸਮੇਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਉਸ ਵੇਲੇ ਪੁਲਿਸ ਕਿੱਥੇ ਸੀ? ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵਧ ਰਹੇ ਵਿਰੋਧ ਨੂੰ ਵੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਸਿੱਖ ਜਾਗ ਗਏ ਹਨ।

Source:AbpSanjha

Ludhiana News Headline ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ