ਆਪਣੇ ਹੀ ਮਾਮੇ ਦੀ 7 ਸਾਲਾ ਲੜਕੀ ਨਾਲ ਬਲਾਤਕਾਰ ਮਗਰੋਂ ਬੇਰਹਿਮੀ ਨਾਲ ਕੀਤੀ ਹੱਤਿਆ

rape in doraha

ਪੰਜਾਬ ਵਿੱਚ ਬੱਚੀਆਂ ਨਾਲ ਦਰਿੰਦਗੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹਾ ਹੀ ਇੱਕ ਮਾਮਲਾ ਦੋਰਾਹਾ ਦਾ ਸਾਹਮਣੇ ਆਇਆ ਹੈ। ਇੱਥੇ ਦੋ ਪ੍ਰਵਾਸੀ ਲੜਕਿਆਂ ਨੇ ਆਪਣੇ ਹੀ ਮਾਮੇ ਦੀ ਸਾਢੇ 7 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਮਗਰੋਂ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।

ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ। ਉਸ ਦੇ ਚਾਰ ਲੜਕੇ ਤੇ ਤਿੰਨ ਲੜਕੀਆਂ ਹਨ। ਨੌਂ ਮਾਰਚ ਨੂੰ ਉਹ ਆਪਣੇ ਪਤੀ ਤੇ ਬੱਚਿਆਂ ਨਾਲ ਘਰ ਵਿੱਚ ਮੌਜੂਦ ਸੀ। ਦੁਪਹਿਰ 3-4 ਵਜੇ ਉਸ ਦੇ ਪਤੀ ਦਾ ਭਾਣਜਾ ਆਇਆ ਤੇ ਉਸ ਦੇ ਪਤੀ ਨਾਲ ਬੈਠ ਕੇ ਸ਼ਰਾਬ ਪੀਤੀ। ਕੁਝ ਸਮੇਂ ਬਾਅਦ ਜਦੋਂ ਉਸ ਦਾ ਪਤੀ ਕਿਸੇ ਕੰਮ ਲਈ ਘਰੋਂ ਬਾਹਰ ਚਲਾ ਗਿਆ ਤਾਂ ਉਹ ਲੜਕਾ ਉਸ ਦੀ ਲੜਕੀ ਨੂੰ ਅਗਵਾ ਕਰਕੇ ਕਿਤੇ ਲੈ ਗਿਆ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤੀ।

ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕਰਨ ‘ਤੇ ਜਦੋਂ ਬੱਚੀ ਨਹੀਂ ਮਿਲੀ ਤਾਂ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ। ਇਸ ‘ਤੇ ਪੁਲਿਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਦੋ ਲੜਕਿਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ। ਸ਼ਨੀਵਾਰ ਰਾਤ 11.30 ਵਜੇ ਘਰ ਨੇੜਲੇ ਗੋਦਾਮ ‘ਚੋਂ ਲੜਕੀ ਦੀ ਨਗਨ ਹਾਲਤ ਵਿੱਚ ਖੂਨ ਨਾਲ ਲੱਥਪੱਥ ਲਾਸ਼ ਮਿਲੀ।

ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਨੇੜਲੇ ਗੋਦਾਮ ਵਿੱਚ ਲੈ ਗਏ ਸਨ, ਜਿੱਥੇ ਉਨ੍ਹਾਂ ਲੜਕੀ ਨਾਲ ਬਲਾਤਕਾਰ ਕਰਨ ਮਗਰੋਂ ਮੌਤ ਦੇ ਘਾਟ ਉਤਾਰ ਦਿੱਤਾ। ਦੋਰਾਹਾ ਥਾਣਾ ਦੇ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Source:AbpSanjha