ਪੰਜਾਬ ਭਰ ਤੋਂ ਸੈਂਕੜੇ ਕਿਸਾਨ ਦਿੱਲੀ ਮੋਰਚਿਆਂ ਲਈ ਹੋਏ ਰਵਾਨਾ

Hundreds of farmers from across Punjab leave for Delhi fronts

ਪੰਜਾਬ ਭਰ ‘ਚੋਂ ਕਿਸਾਨਾਂ ਦੇ ਸੈਂਕੜੇ ਜਥੇ ਸ਼ੰਭੂ ਅਤੇ ਖਨੌਰੀ ਪੰਜਾਬ-ਹਰਿਆਣਾ ਬਾਰਡਰ ਰਾਹੀਂ ਦਿੱਲੀ ਲਈ ਰਵਾਨਾ ਹੋਏ ਹਨ। ਸੰਗਰੂਰ, ਲੁਧਿਆਣਾ, ਮਾਨਸਾ, ਬਰਨਾਲਾ, ਪਟਿਆਲਾ, ਜਲੰਧਰ, ਨਵਾਂਸ਼ਹਿਰ ਅਤੇ ਰੋਪੜ ਜਿਲ੍ਹਿਆਂ ਦੇ ਕਿਸਾਨਾਂ ਨੇ ਟਰੈਕਟਰ-ਟਰਾਲੀਆਂ, ਬੱਸਾਂ, ਕਾਰਾਂ ਰਾਹੀਂ ਵੱਖ-ਵੱਖ ਥਾਵਾਂ ‘ਤੇ ਇਕੱਠੇ ਹੁੰਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਣ ਕੀਤਾ ਕਿ ਖੇਤੀ-ਕਾਨੂੰਨ ਰੱਦ ਕਰਵਾਉਣ ਤੱਕ ਕੇਂਦਰ-ਸਰਕਾਰ ਖ਼ਿਲਾਫ਼ ਡਟੇ ਰਹਿਣਗੇ।

ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਕਾਲੇ ਕਾਨੂੰਨਾਂ ਵਿਰੁੱਧ ਕੀਤਾ ਜਾ ਸੰਘਰਸ਼ ਸਮੂਹ ਲੋਕਾਂ ਲਈ ਹੈ, ਕਿਉਂਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਿੱਥੇ ਜ਼ਮੀਨਾਂ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਵੇਗਾ, ਉਥੇ ਅਨਾਜ ਸਬਜ਼ੀਆਂ, ਦਾਲਾਂ, ਮਸਾਲੇ ਅਤੇ ਹੋਰ ਖਾਧ ਪਦਾਰਥ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਗੇ।

ਸੀਨੀਅਰ ਕਿਸਾਨ-ਆਗੂ ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਬਹਿਰੂ ਅਤੇ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 400 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ-ਸਰਕਾਰ ਵੱਲੋਂ ਅੰਦੋਲਨ ਪ੍ਰਤੀ ਧਾਰੀ ਬੇਰੁਖੀ ਸਾਬਤ ਕਰਦੀ ਹੈ ਕਿ ਸਰਕਾਰ ਮਸਲਿਆਂ ਦਾ ਹੱਲ ਕਰਨ ਲਈ ਸੁਹਿਰਦ ਨਹੀਂ।

ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੇ 221ਵੇਂ ਦਿਨ ਵੀ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਦਾ ਜ਼ਜ਼ਬਾ ਬਰਕਰਾਰ ਹੈ।

ਸਾਡਾ ਇਕੋ ਇੱਕ ਨਿਸ਼ਾਨਾ ਆਪਣੀਆਂ ਮੰਗਾਂ ਮਨਵਾਉਣਾ ਹੈ ਜਿਸ ਲਈ ਚਾਹੇ ਸਾਨੂੰ ਆਪਣਾ ਅੰਦੋਲਨ ਕਿੰਨੇ ਵੀ ਲੰਬੇ ਸਮੇਂ ਲਈ ਕਿਉਂ ਨਾ ਚਲਾਉਣਾ ਪਵੇ। ਸਰਕਾਰ ਦੀ ਮਨਸ਼ਾ ਹੈ ਕਿ ਕਿਸਾਨ ਥੱਕ ਹਾਰ ਕੇ ਵਾਪਸ ਚਲੇ ਜਾਣ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ