ਚੋਣਾਂ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਚਿੰਤਾ, ਨਹੀਂ ਲੱਭ ਰਹੇ ਕਣਕ ਦੀ ਵਾਢੀ ਲਈ ਮਜਦੂਰ

farmers in punjab

ਪੰਜਾਬ ਵਿੱਚ ਇਸ ਸਾਲ ਕਣਕ ਦੀ ਬੰਪਰ ਫਸਲ ਹੋ ਰਹੀ ਹੈ। ਇਸ ਨਾਲ ਕਿਸਾਨ ਇੱਕ ਪਾਸੇ ਤਾਂ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ ਪਰ ਦੂਜੇ ਪਾਸੇ ਕਿਸਾਨਾਂ ਨੂੰ ਵੱਡੀ ਚਿੰਤਾ ਸਤਾ ਰਹੀ ਹੈ। ਦਰਅਸਲ ਲੋਕ ਸਭਾ ਚੋਣਾਂ ਪੈਣ ਕਰਕੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਵੱਡੀ ਕਮੀ ਹੋ ਗਈ ਹੈ। ਕਣਕ ਦੀ ਕਟਾਈ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ। ਇਸ ਵਾਰ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਚੋਣਾਂ ਕਰਕੇ ਮਜ਼ਦੂਰ ਆਪਣੇ ਘਰਾਂ ਨੂੰ ਗਏ ਹੋਏ ਹਨ ਜਿਸ ਕਰਕੇ ਕਿਸਾਨਾਂ ਨੂੰ ਫਸਲ ਦੀ ਕਟਾਈ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ।

ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਸੱਤ ਗੇੜਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਵਾਪਸ ਚਲੇ ਗਏ ਹਨ। ਹੋਲੀ ‘ਤੇ ਆਪਣੇ ਘਰਾਂ ਨੂੰ ਰਵਾਨਾ ਹੋਣ ਬਾਅਦ ਕਾਮੇ ਚੋਣ ਪ੍ਰਕਿਰਿਆ ਵਿੱਚ ਰੁੱਝ ਹੋ ਗਏ। ਨਤੀਜਨ ਪੰਜਾਬ ਵਿੱਚ ਕਣਕ ਦੀ ਕਟਾਈ ਤੇ ਢੁਆਈ ਲਈ ਮਜ਼ਦੂਰਾਂ ਦਾ ਸੰਕਟ ਛਾ ਗਿਆ ਹੈ। ਦੁਆਬਾ ਦੀ ਬਜਾਏ ਮਾਲਵਾ ਤੇ ਮਾਝਾ ਇਲਾਕੇ ਵਿੱਚ ਇਸ ਦਾ ਵਧੇਰੇ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਪਰਾਲੀ ਸਾੜਨ ਦਾ ਹੱਲ਼ ਨਹੀਂ ਲੱਭ ਰਹੀਆਂ ਸਰਕਾਰਾਂ, ਹੋ ਰਿਹਾ 2 ਲੱਖ ਕਰੋੜ ਦਾ ਨੁਕਸਾਨ

ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ ਪਰ ਇਸ ਸਮੇਂ 60-65 ਮਜ਼ਦੂਰਾਂ ਦੀ ਕਮੀ ਆ ਰਹੀ ਹੈ। ਕੁਝ ਮਜ਼ਦੂਰ ਤਾਂ ਕਣਕ ਦੀ ਕਟਾਈ ਲਈ ਐਡਵਾਂਸ ਰਕਮ ਲੈ ਕੇ ਗਏ ਹਨ। ਹੁਣ ਜੇ ਉਹ ਕਾਮੇ ਵਾਪਸ ਨਾ ਮੁੜੇ ਤਾਂ ਕਿਸਾਨਾਂ ਨੂੰ ਦੂਹਰੀ ਮਾਰ ਪਏਗੀ। ਉੱਤੋਂ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੇ ਮਜ਼ਦੂਰੀ ਵਧਾ ਦਿੱਤੀ ਹੈ। ਪਿਛਲੇ ਸਾਲ ਪ੍ਰਤੀ ਏਕੜ 4 ਹਜ਼ਾਰ ਰੁਪਏ ਮਜ਼ਦੂਰੀ ਲਈ ਗਈ ਸੀ ਜਦਕਿ ਇਸ ਸਾਲ ਇਹ 4500 ਤੋਂ 5000 ਰੁਪਏ ਹੋ ਗਈ ਹੈ। ਇਸ ਵਿੱਚ ਕਣਕ ਦੀ ਢੁਆਈ ਤੇ ਭਰਾਈ ਵੀ ਸ਼ਾਮਲ ਹੈ।

ਮਾਝਾ ਤੇ ਮਾਲਵਾ ਦੇ ਖੇਤ ਸਮਤਲ ਨਾ ਹੋਣ ਤੇ ਖੇਤਾਂ ਵਿੱਚ ਦਰੱਖ਼ਤ ਲੱਗੇ ਹੋਣ ਕਰਕੇ ਕਿਸਾਨਾਂ ਨੂੰ ਕੰਬਾਈਨ ਦੀ ਥਾਂ ਮਜ਼ਦੂਰਾਂ ਕੋਲੋਂ ਫਸਲ ਦੀ ਕਟਾਈ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਝੋਨੇ ਦੀ ਕਟਾਈ ਦੌਰਾਨ ਵੀ ਆਪਰੇਟਰਾਂ ਨੇ 200 ਰੁਪਏ ਪ੍ਰਤੀ ਏਕੜ ਭਾਅ ਵਧਾ ਦਿੱਤੇ ਸੀ। ਹੁਣ ਮਜ਼ਦੂਰਾਂ ਦੀ ਕਮੀ ਦਾ ਵੀ ਪੂਰਾ-ਪੂਰਾ ਫਾਇਦਾ ਚੁੱਕਣ ਦੀ ਤਾਕ ਵਿੱਚ ਹਨ। ਇਸ ਵਾਰ ਕੰਬਾਈਨ ਦੀ ਕਟਾਈ 1600 ਤੋਂ ਵਧਾ ਕੇ 2000 ਰੁਪਏ ਪ੍ਰਤੀ ਏਕੜ ਹੋਣ ਦਾ ਖ਼ਦਸ਼ਾ ਹੈ ਜਦਕਿ ਝੋਨੇ ਦੀ ਕਟਾਈ ਸਮੇਂ ਇਹੀ ਭਾਅ 1200 ਤੋਂ 1400 ਰੁਪਏ ਪ੍ਰਤੀ ਏਕੜ ਸੀ।

Source:AbpSanjha