ਨਵੀ ਪਾਰਟੀ ਦੇ ਐਲਾਨ ਨਾਲ ‘ਮਿਸ਼ਨ 2022’ ਚੋਣਾਂ ਦੀ ਸ਼ੁਰੂਆਤ : ਖਹਿਰਾ

Sukhpal Khaira

ਆਮ ਆਦਮੀ ਪਾਰਟੀ ਤੋਂ ਬਗਾਵਤ ਕਰਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਦੀ ਨਿਗ੍ਹਾ 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਤੇ ਹੈ। ਇਸ ਦੀ ਤਿਆਰੀ ਉਨ੍ਹਾਂ ਅੱਜ ਪੰਜਾਬ ਏਕਤਾ ਪਾਰਟੀ ਦਾ ਐਲਾਨ ਕਰਦਿਆਂ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਕੇਂਦਰਤ ਖੇਤਰੀ ਪਾਰਟੀ ਹੋਏਗੀ।

ਕੀ ਹੋਏਗੀ ਰਣਨੀਤੀ?

ਖਹਿਰਾ ਲੋਕਾਂ ਤੱਕ ਪਹੁੰਚ ਕਰਨ ਲਈ ਟੈਕਨਾਲੌਜੀ ਦੀ ਰੱਜ ਕੇ ਵਰਤੋਂ ਕਰਨਗੇ। ਉਨ੍ਹਾਂ ਨੇ ਆਪਣੀ ਪਾਰਟੀ ਦੀ ਮੈਂਬਰਸ਼ਿਪ ਵਾਸਤੇ ਵੈੱਬਸਾਈਟ ਤੇ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ। ਪਾਰਟੀ ਲਈ ਐਪਲੀਕੇਸ਼ਨ ਐਂਡਰੌਇਡ ਫੋਨ ਲਈ ਇਸ ਵੇਲੇ ਉਪਲਬਧ ਹੈ ਜਦਕਿ ਐਪਲ ਫੋਨ ਦਾ ਵਰਜ਼ਨ ਬਾਅਦ ਵਿੱਚ ਲਾਂਚ ਕੀਤਾ ਜਾਏਗਾ। ਐਪ ਤੇ ਵੈੱਬਸਾਈਟ ਦਾ ਉਦੇਸ਼ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਨੌਜਵਾਨਾਂ ਦਾ ਸਮਰਥਨ ਹਾਸਲ ਕਰਨਾ ਹੈ।

ਇਨ੍ਹਾਂ ਮੁੱਦਿਆਂ ‘ਤੇ ਕਰਨਗੇ ਸਿਆਸਤ

ਖਹਿਰਾ ਵੱਲੋਂ ਅੱਜ ਕੀਤੇ ਵਾਅਦਿਆਂ ਤੇ ਦਾਅਵਿਆਂ ‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਪੰਜਾਬ ਦੇ ਉਹ ਮੁੱਦੇ ਚੁੱਕੇ ਹਨ ਜਿਨ੍ਹਾਂ ਨੂੰ ਪਿਛਲੇ 10 ਸਾਲ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਨੇ ਨਹੀਂ ਨਜਿੱਠਿਆ ਤੇ ਹੁਣ ਕੈਪਟਨ ਸਰਕਾਰ ਵੀ ਅਕਸਰ ਇਨ੍ਹਾਂ ਮੁੱਦਿਆਂ ‘ਤੇ ਘਿਰਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਡਾਇਰੈਕਟ ਸਬਸਿਡੀ ਦੇਣਗੇ। ਕਿਸਾਨਾਂ ਦੇ ਕਰਰਜ਼ਿਆਂ ਦੀ ਵਿਆਜ਼ ਦਰ 50 ਫੀਸਦੀ ਘਟਾਈ ਜਾਵੇਗੀ। ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣਗੇ ਪਰ ਛੋਟੇ-ਮੋਟੇ ਕਲਰਕਾਂ ਨੂੰ ਨਹੀਂ ਬਲਕਿ ਅਫ਼ਸਰਸ਼ਾਹੀ ਨੂੰ ਟਾਰਗੇਟ ਕੀਤਾ ਜਾਵੇਗਾ, ਲੋਕ ਪਾਲ ਬਿੱਲ ਬਣਾਉਣਗੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਏਗੀ।

ਇਸ ਤੋਂ ਇਲਾਵਾ ਉਨ੍ਹਾਂ ਮੌਕਾਪ੍ਰਸਤ ਪਾਰਟੀਆਂ ਕੋਲੋਂ ਪੰਜਾਬ ਨੂੰ ਅਜ਼ਾਦ ਕਰਵਾਉਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕੇਬਲ, ਟਰਾਂਸਪੋਰਟ ਤੇ ਗੈਰ ਕਾਨੂੰਨੀ ਮਾਈਨਿੰਗ ‘ਤੇ ਵੀ ਸਖਤ ਸਟੈਂਡ ਲੈਣ ਦੀ ਗੱਲ਼ ਕੀਤੀ। ਸਪਸ਼ਟ ਹੈ ਕਿ ਖਹਿਰਾ ਪੰਜਾਬ ਦੇ ਉਨ੍ਹਾਂ ਮੁੱਦਿਆਂ ‘ਤੇ ਹੀ ਸਿਆਸਤ ਕਰਨਗੇ ਜਿਹੜੇ ਅਜੇ ਵੀ ਅਣਸੁਲਝੇ ਹਨ।

Source:AbpSanjha