‘ਆਪ’ ਛੱਡਣ ਮਗਰੋਂ ਖਹਿਰਾ ਕਰਨਗੇ ਨਵੀ ਪਾਰਟੀ ਦਾ ਐਲਾਨ

Sukhpal Singh Khaira

ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਹੈ ਕਿ ਉਹ ਭਲਕੇ ਯਾਨੀ ਅੱਠ ਜਨਵਰੀ ਨੂੰ ਵੱਡਾ ਧਮਾਕਾ ਕਰਨ ਜਾ ਰਹੇ ਹਨ। ਸੋਮਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਖਹਿਰਾ ਨੇ ਦੱਸਿਆ ਕਿ ਪਿਛਲੇ ਦਸੰਬਰ ਵਿੱਚ ਉਨ੍ਹਾਂ ਵੱਲੋਂ ਕਾਇਮ ਕੀਤੇ ਪੰਜਾਬ ਡੈਮੋਕ੍ਰੈਟਿਕ ਫਰੰਟ ਦੇ ਆਗੂਆਂ ਨਾਲ ਵੀ ਉਹ ਇਸੇ ਹਫ਼ਤੇ ਮੁਲਾਕਾਤ ਕਰਨਗੇ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਟਾਂ ਦੀ ਵੰਡ ‘ਤੇ ਰਣਨੀਤੀ ਐਲਾਨੀ ਜਾਵੇਗੀ।

ਇਹ ਵੀ ਪੜ੍ਹੋ : ਖਹਿਰਾ ਨੇ ਕੇਜਰੀਵਾਲ ਨੂੰ ਭੇਜੇ ਅਸਤੀਫੇ ‘ਚ ਕੀ ਲਿਖਿਆ?

ਉਨ੍ਹਾਂ ਸਾਫ ਕੀਤਾ ਕਿ ਅਸੀਂ ਨਹੀਂ ਚਾਹੁੰਦੇ ਕਿ ਵਿਧਾਨ ਸਭਾ ਵਿੱਚ ਅਕਾਲੀ ਦਲ ਵਿਰੋਧੀ ਧਿਰ ਬਣੇ। ਉਨ੍ਹਾਂ ਦਲਬਦਲੂ ਕਾਨੂੰਨ ਵਿੱਚ ਸੋਧ ਦੀ ਮੰਗ ਕਰਦਿਆਂ ਕਿਹਾ ਕਿ ਕਾਨੂੰਨ ਗ਼ੈਰ ਜਮਹੂਰੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਨੂੰਨ ਦੀ ਸਹਾਇਤਾ ਲੈ ਕੇ ਪਾਰਟੀ ਦੇ ਕੌਮੀ ਪ੍ਰਧਾਨ ਤਾਨਾਸ਼ਾਹ ਬਣ ਜਾਂਦੇ ਹਨ ਤੇ ਪੱਥਰ ਯੁੱਗ ਦੇ ਰਾਜਿਆਂ ਵਾਂਗ ਵਤੀਰਾ ਕਰਦੇ ਹਨ। ਜੇਕਰ ਪਾਰਟੀ ਦੇ ਦੋ ਤਿਹਾਈ ਵਿਧਾਇਕਾਂ ਦਾ ਬਹੁਮਤ ਹੋਵੇ ਤਾਂ ਉਹ ਨਵੀਂ ਪਾਰਟੀ ਬਣਾ ਸਕਦੇ ਹਨ ਤੇ ਉਨ੍ਹਾਂ ਦੀ ਵਿਧਾਇਕੀ ਵੀ ਬਰਕਰਾਰ ਰਹਿੰਦੀ ਹੈ, ਪਰ ਬਹੁਮਤ ਨਾ ਹੋਣ ‘ਤੇ ਮਾਂ ਪਾਰਟੀ ਕੋਲ ਬਾਗੀਆਂ ਦੀ ਵਿਧਾਇਕੀ ਖੋਹਣ ਲਈ ਦਲਬਦਲੂ ਕਾਨੂੰਨ ਹੱਥਕੰਡਾ ਬਣ ਜਾਂਦਾ ਹੈ।

ਸਬੰਧਤ ਖ਼ਬਰ : ‘ਆਪ’ ਲਈ ਵੱਡਾ ਸਿਆਸੀ ਸੰਕਟ , ਖੁੱਸ ਸਕਦਾ ਹੈ ਵਿਰੋਧੀ ਧਿਰ ਦਾ ਦਰਜਾ

ਜ਼ਿਮਨੀ ਚੋਣਾਂ ਤੋਂ ਕੰਨੀ ਕਤਰਾਉਣ ਦੀ ਇੱਛਾ ਰੱਖਣ ਵਾਲੇ ਖਹਿਰਾ ਨੇ ਕਿਹਾ ਕਿ ਉਹ ਕਿਸੇ ਵੀ ਚੋਣ ਲਈ ਤਿਆਰ ਹਨ ਤੇ ਆਪਣੀ ਵਿਧਾਇਕੀ ਬਾਰੇ ਵੀ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਹੀ ਫੈਸਲਾ ਉਡੀਕ ਰਹੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਖ਼ੂਬ ਰਗੜੇ ਲਾਏ ਅਤੇ ਗੰਨਾਂ ਕਿਸਾਨਾਂ ਤੋਂ ਲੈਕੇ ਟੋਲ ਪਲਾਜ਼ਿਆਂ ਦੇ ਵਿਰੋਧ ਵਿੱਚ ਡਟਣ ਦਾ ਵੀ ਐਲਾਨ ਕੀਤਾ।

Source:AbpSanjha