ਖਹਿਰਾ ਦੀ ਸੰਗਰੂਰ ਤੋਂ ਭਗਵੰਤ ਮਾਨ ਵਿਰੁੱਧ ਲੋਕਸਭਾ ਚੋਣਾਂ ਲੜਨ ਦੀ ਤਿਆਰੀ!

Sukhpal Khaira after making Punjabi Ekta Party bhagwant mann

ਦੋ ਦਿਨ ਪਹਿਲਾਂ ਹੋਂਦ ਵਿੱਚ ਆਈ ‘ਪੰਜਾਬੀ ਏਕਤਾ ਪਾਰਟੀ‘ ਦੇ ਪ੍ਰਧਾਨ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਥੰਮ੍ਹ ਕਹੇ ਜਾਂਦੇ ਸੰਸਦ ਮੈਂਬਰ ਭਗਵੰਤ ਮਾਨ ਵਿਰੁੱਧ ਹੀ ਚੋਣ ਲੜਨ ਦਾ ਮਨ ਬਣਾ ਲਿਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਬਠਿੰਡਾ ਜਾਂ ਸੰਗਰੂਰ ਤੋਂ ਲੋਕ ਸਭਾ ਚੋਣ ਲੜਨਗੇ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਮਾਤ-ਪਾਰਟੀ ਕਾਂਗਰਸ ਦੀ ਸ਼ਲਾਘਾ ਕਰਦਿਆਂ ਉਸ ਨੂੰ ‘ਆਪ’ ਨਾਲੋਂ ਬਿਹਤਰ ਦੱਸਿਆ।

ਦੋਵਾਂ ਥਾਵਾਂ ‘ਤੇ ਭਗਵੰਤ ਮਾਨ ਤੇ ਹਰਸਿਮਰਤ ਕੌਰ ਬਾਦਲ ਜਿਹੇ ਵੱਡੇ ਚਿਹਰੇ ਹਨ ਤੇ ਖਹਿਰਾ ਨੇ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਚੁਣੌਤੀ ਦੇਣ ਦਾ ਮਨ ਬਣਾ ਲਿਆ ਹੈ। ਖਹਿਰਾ ਨੇ ਕਿਹਾ ਕਿ ਲੋਕ ਕਹਿੰਦੇ ਤਾਕਤਵਰ ਪਰਿਵਾਰ ਖ਼ਿਲਾਫ਼ ਖੜ੍ਹਨਾ ਚਾਹੀਦਾ ਹੈ, ਇਸ ਲਈ ਉਹ ਬਾਦਲ ਪਰਿਵਾਰ ਵਿਰੁੱਧ ਡਟਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੰਗਰੂਰ ਤੋਂ ਵੀ ਚੋਣ ਲੜ ਸਕਦੇ ਹਨ।

ਸੁਖਪਾਲ ਖਹਿਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਸਾਰੇ ਹਮਖਿਆਲੀ ਇੱਕ ਮੰਚ ‘ਤੇ ਹੋਣਗੇ। ਆਪਣੀ ਤੇ ਪਾਰਟੀ ਦੀ ਸਿਆਸੀ ਸਫ਼ਲਤਾ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਖਹਿਰਾ ਪਸੰਦ ਨਹੀਂ ਆਉਂਦਾ ਪਰ ਪੰਜਾਬ ਦੇ ਲੋਕ ਮੇਰੇ ਨਾਲ ਹਨ, ਇਸ ਲਈ ਉਹ ਆਸਵੰਦ ਹਨ। ‘ਆਪ’ ਦੇ ਹਮਖਿਆਲੀ ਵਿਧਾਇਕਾਂ ਦੇ ਉਨ੍ਹਾਂ ਨਾਲ ਆਉਣ ਬਾਰੇ ਖਹਿਰਾ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਸਾਡੇ ਵਿਧਾਇਕ ਅਸਤੀਫਾ ਦੇਣ ਤੇ ਵਿਰੋਧੀ ਧਿਰ ਦਾ ਦਰਜਾ ਅਕਾਲੀ ਦਲ ਨੂੰ ਜਾਣ ਦਾ ਮੌਕਾ ਮਿਲੇ।

Source:AbpSanjha