ਖਹਿਰਾ ਦੇ ਅਸਤੀਫ਼ੇ ਮਗਰੋਂ ਕੇਜਰੀਵਾਲ ਤੇ ਸਿਸੋਦੀਆ ‘ਚ ‘ਟਕਰਾਅ’..?

arvind kejriwal sukhpal khaira and manish sisodia

ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੁਝ ਹੀ ਦਿਨਾਂ ਅੰਦਰ ਐਚਐਸ ਫੂਲਕਾ ਤੋਂ ਬਾਅਦ ਪਾਰਟੀ ਤੋਂ ਮੁਅੱਤਲ ਚੱਲ ਰਹੇ ਵਿਧਾਇਕ ਖਹਿਰਾ ਦੇ ਅਸਤੀਫ਼ੇ ਕਰਕੇ ‘ਆਪ’ ਦੇ ਸਿਖਰਲੇ ਦੋ ਲੀਡਰਾਂ ਦਾ ਵਿਚਾਰਧਾਰਕ ਟਕਰਾਅ ਸਾਹਮਣੇ ਆਇਆ ਹੈ। ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖਹਿਰਾ ਦਲਿਤ ਵਿਰੋਧੀ ਤੇ ਸੱਤਾ ਲੋਭੀ ਜਾਪਦੇ ਹਨ। ਦੂਜੇ ਪਾਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਖਹਿਰਾ ਦੇਸ਼ ਬਚਾਉਣ ਦੇ ਕਾਬਲ ਦਿੱਸਦੇ ਹਨ।

ਜਿੱਥੇ ਸਿਸੋਦੀਆ ਖਹਿਰਾ ਨੂੰ ‘ਆਪ’ ਵਿੱਚ ਰੱਖਣਾ ਲੋਚਦੇ ਹਨ, ਉੱਥੇ ਹੀ ਕੇਜਰੀਵਾਲ, ਖਹਿਰਾ ਨੂੰ ਦਲਿਤ ਵਿਰੋਧੀ ਕਰਾਰ ਦੇ ਰਹੇ ਹਨ ਤੇ ਅਜਿਹੇ ਲੋਕਾਂ ਨੂੰ ਪਾਰਟੀ ਵਿੱਚੋਂ ਜਾਣ ਦਾ ਸੰਦੇਸ਼ ਦੇ ਰਹੇ ਜਾਪਦੇ ਹਨ। ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਰਹਿ ਚੁੱਕੇ ਭੁਲੱਥ ਤੋਂ ‘ਆਪ’ ਵਿਧਾਇਕ ਸੁਖਪਾਲ ਖਹਿਰਾ ਦੇ ਅਸਤੀਫ਼ੇ ਮਗਰੋਂ ਸਿਸੋਦੀਆ ਨੇ ਬਿਆਨ ਦਿੱਤਾ ਹੈ ਕਿ ਜੇਕਰ ਉਹ (ਖਹਿਰਾ) ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਸਾਡੇ ਨਾਲ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਨਿੱਜੀ ਹਿੱਤ ਜਾਂ ਕਿਸੇ ਅਹੁਦੇ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਉਹ ਕਿਤੇ ਵੀ ਜਾ ਸਕਦੇ ਹਨ।

ਉੱਧਰ ਕੇਜਰੀਵਾਲ ਨੇ ਇਸ ਮੌਕੇ ‘ਆਪ’ ਅਮਰੀਕਾ ਦੇ ਇੰਚਾਰਜ ਤੇ ਇੰਡੀਆ ਸੋਸ਼ਲ ਦੇ ਲੇਖਕ ਅੰਕਿਤ ਲਾਲ ਦੇ ਖਹਿਰਾ ਵਿਰੁੱਧ ਲੜੀਵਾਰ ਟਵੀਟਸ ਨੂੰ ਆਪਣੇ ਟਵਿੱਟਰ ਖਾਤੇ ‘ਤੇ ਵੀ ਸਾਂਝਾ ਕੀਤਾ। ਅੰਕਿਤ ਨੇ ਖਹਿਰਾ ‘ਤੇ ਕੁਰਸੀ ਤੇ ਤਾਕਤ ਦਾ ਲੋਭੀ ਹੋਣ ਤੇ ਦਲਿਤ ਨੂੰ ਵਿਧਾਨ ਸਭਾ ‘ਚ ਵਿਰੋਧੀ ਧਿਰ ਨੇਤਾ ਦਾ ਅਹੁਦਾ ਦੇਣ ਮਗਰੋਂ ਪਾਰਟੀ ਨੂੰ ਕਮਜ਼ੋਰ ਕਰਨ ਤੇ ਵਿਦਰੋਹ ਕਰਨ ਦੇ ਦੋਸ਼ ਲਾਏ। ਉਨ੍ਹਾਂ ਇਹ ਵੀ ਕਿਹਾ ਕਿ ਖਹਿਰਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ ਤੇ ‘ਆਪ’ ਆਉਂਦੇ ਦਿਨਾਂ ਵਿੱਚ ਪੰਜਾਬ ਇਕਾਈ ਨੂੰ ਵਧੇਰੇ ਮਜ਼ਬੂਤ ਕਰੇਗੀ।

ਸਬੰਧਤ ਖ਼ਬਰ : ਐਚ.ਐਸ. ਫੂਲਕਾ ਮਗਰੋਂ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਨੂੰ ਆਖਰੀ ‘ਸਲਾਮ’

ਇਹ ਵੀ ਪੜ੍ਹੋ: ਅਸਤੀਫ਼ੇ ਮਗਰੋਂ ਭਗਵੰਤ ਮਾਨ ਨੇ ਖਹਿਰਾ ਤੋਂ ਮੰਗੀ ਇਹ ‘ਕੁਰਬਾਨੀ’

ਕੇਜਰੀਵਾਲ ਨੇ ਅੰਕਿਤ ਦੇ ਵਿਚਾਰਾਂ ਨਾਲ ਸਹਿਮਤੀ ਦਿੰਦਿਆਂ ਇਨ੍ਹਾਂ ਨੂੰ ਅੱਗੇ ਸਾਂਝਾ ਕੀਤਾ ਹੈ। ਇਸ ਤੋਂ ਸਾਫ ਹੈ ਕਿ ਉਹ ਖਹਿਰਾ ਨੂੰ ਪਾਰਟੀ ਵਿੱਚ ਰੱਖਣ ਨਾਲ ਸਹਿਮਤ ਨਹੀਂ ਹਨ। ਜਦਕਿ ਉਨ੍ਹਾਂ ਨੂੰ ਐਲਓਪੀ ਦੇ ਅਹੁਦੇ ਤੋਂ ਲਾਹੁਣ ਦਾ ਫੁਰਮਾਨ ਜਾਰੀ ਕਰਨ ਵਾਲੇ ਸਿਸੋਦੀਆ ਨੇ ਖਹਿਰਾ ਦੇ ਸਾਥ ਦੀ ਇੱਛਾ ਪ੍ਰਗਟਾਈ। ਹਾਲਾਂਕਿ, ਬਾਅਦ ਵਿੱਚ ਸਿਸੋਦੀਆ ਨੇ ਵੀ ਕੇਜਰੀਵਾਲ ਦੇ ਵਿਚਾਰਾਂ ਨੂੰ ਸਹਿਮਤੀ ਦਿੰਦਿਆਂ ਖਹਿਰਾ ਨੂੰ ਪਾਰਟੀ ਵਿਰੋਧੀ ਕਹਿ ਦਿੱਤਾ।

Source:AbpSanjha