ਪੁਲਿਸ ਹਿਰਾਸਤ ‘ਚ ਜਸਪਾਲ ਦੀ ਮੌਤ ਦਾ ਕੀ ਹੈ ਰਾਜ਼ ? ਜਾਣੋ ਹੁਣ ਤਕ ਦੀ ਪੂਰੀ ਜਾਣਕਾਰੀ

Jaspal Singh

ਚੰਡੀਗੜ੍ਹ: ਪੰਜਾਬ ਵਿੱਚ ਇਨ੍ਹੀਂ ਦਿਨੀਂ ਫਰੀਦਕੋਟ ‘ਚ ਪੁਲਿਸ ਹਿਰਾਸਤ ਦੌਰਾਨ ਨੌਜਵਾਨ ਦੀ ਮੌਤ ਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਸਲਾ ਗਰਮਾਇਆ ਹੋਇਆ ਹੈ। 22 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਤੋਂ ਬਾਅਦ ਪਿਛਲੇ ਦਸ ਦਿਨਾਂ ਤੋਂ ਉਸ ਦਾ ਪਰਿਵਾਰ ਲਾਸ਼ ਦੀ ਉਡੀਕ ਵਿੱਚ ਫ਼ਰੀਦਕੋਟ ਦੇ ਐਸਐਸਪੀ ਦਫ਼ਤਰ ਬਾਹਰ ਧਰਨਾ ਦੇ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ 18 ਮਈ ਦੀ ਦੇਰ ਰਾਤ ਫ਼ਰੀਦਕੋਟ ਦੇ ਸੀਆਈਏ ਸਟਾਫ਼ ਨੇ ਜਸਪਾਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ। ਉਸ ਤੋਂ ਬਾਅਦ ਜਸਪਾਲ ਸਿੰਘ ਵਾਪਸ ਨਹੀਂ ਪਰਤਿਆ। ਉਸ ਦੀ ਮੌਤ ਦੀ ਖ਼ਬਰ ਤਾਂ ਆਈ ਪਰ ਲਾਸ਼ ਦਾ ਹਾਲੇ ਤਕ ਕੋਈ ਅਤਾ-ਪਤਾ ਨਹੀਂ।

ਦੱਸਿਆ ਗਿਆ ਸੀ ਕਿ 18 ਮਈ ਦੀ ਰਾਤ ਨੂੰ ਹਿਰਾਸਤ ਵਿੱਚ ਹੀ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ। ਅਗਲੀ ਸਵੇਰ ਚੜ੍ਹਨ ਤੋਂ ਪਹਿਲਾਂ ਹੀ ਪੁਲਿਸ ਦੇ ਅਫ਼ਸਰਾਂ ਨੇ ਲਾਸ਼ ਨੂੰ ਰਾਜਸਥਾਨ ਫੀਡਰ ਵਿੱਚ ਸੁੱਟ ਦਿੱਤਾ। ਇਸ ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮਾ ਹੱਤਿਆ ਕਰ ਲਈ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ।

ਫ਼ਰੀਦਕੋਟ ਦੇ ਐਸਐਸਪੀ ਰਾਜ ਬਚਨ ਨੇ ਕਿਹਾ ਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਜਸਪਾਲ ਨੇ ਸੀਆਈਏ ਸਟਾਫ਼ ਦੀ ਹਵਾਲਾਤ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਕਿਸੇ ਨਹਿਰ ਵਿੱਚ ਖੁਰਦ-ਬੁਰਦ ਕੀਤੀ ਗਈ। ਲਾਸ਼ ਟਿਕਾਣੇ ਲਾਉਣ ਤੋਂ ਬਾਅਦ ਇੰਸਪੈਕਟਰ ਨਰਿੰਦਰ ਸਿੰਘ ਨੇ ਵੀ ਖ਼ੁਦ ਨੂੰ ਗੋਲੀ ਮਾਰ ਲਈ ਸੀ। ਰਾਜ ਬਚਨ ਨੇ ਕਿਹਾ ਕਿ ਜਸਪਾਲ ਦੀ ਲਾਸ਼ ਟਿਕਾਣੇ ਲਾਉਣ ਵਾਲੇ ਇੰਸਪੈਕਟਰ ਨਰਿੰਦਰ ਸਿੰਘ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹਾਲਾਂਕਿ ਪੁਲਿਸ ਨੇ ਸੀਆਈਏ ਸਟਾਫ ਦੇ ਸੰਤਰੀ ਸੁਖਮਿੰਦਰ ਸਿੰਘ, ਮੁਨਸ਼ੀ ਦਰਸ਼ਨ ਸਿੰਘ ਤੇ ਪਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਇੱਕ ਸ਼ਖਸ ਜਿਸ ਨੇ ਜਸਪਾਲ ਦੀ ਝੂਠੀ ਇਤਲਾਹ ਦੇ ਕੇ ਉਸ ਨੂੰ ਗ੍ਰਿਫ਼ਤਾਰ ਕਰਵਾਇਆ ਸੀ, ਉਸ ਦੀ ਤਲਾਸ਼ ਹਾਲੇ ਜਾਰੀ ਹੈ।

ਇਹ ਵੀ ਪੜ੍ਹੋ : ਥਾਣੇ ਚ ਹੋਈ ਨੌਜਵਾਨ ਦੀ ਮੌਤ ਨੂੰ ਲੈਕੇ ਉਸਦੇ ਰਿਸ਼ਤੇਦਾਰ ਤੇ ‘ਆਪ’ ਲੀਡਰ ਨੇ ਲਾਇਆ ਧਾਰਨਾ, ਪੁਲਿਸ ਖਿਲਾਫ F.I.R. ਦਰਜ ਕਰਨ ਦੀ ਮੰਗ

ਪੂਰਾ ਮਾਮਲਾ

ਐਸਐਸਪੀ ਫਰੀਦਕੋਟ ਰਾਜ ਬਚਨ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੂੰ 18 ਮਈ ਨੂੰ ਪਿੰਡ ਸੰਗਰਾਹੁਰ ਵਾਸੀ ਗੁਰਚਰਨ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਜਸਪਾਲ ਸਿੰਘ 16 ਮਈ ਨੂੰ ਪਿੰਡ ਪੰਜਾਵਾ ਮੁਕਤਸਰ ਵਿੱਚ ਭਾਂਜੇ ਲਾਡੀ ਨੂੰ ਮਿਲਣ ਗਿਆ ਸੀ। 18 ਮਈ ਨੂੰ ਉਹ ਪਿੰਡ ਰੱਤੀਰੋੜੀ ਚਲਾ ਗਿਆ ਤੇ ਉੱਥੋਂ ਲਾਪਤਾ ਹੋ ਗਿਆ। ਸਦਰ ਪੁਲਿਸ ਨੇ ਜੀਂਦ ਦੇ ਰਣਬੀਰ ਸਿੰਘ, ਪਿੰਡ ਲੰਗੇਆਣਾ (ਮੋਗਾ) ਦੇ ਬਿੱਟਾ, ਪਿੰਡ ਢੁੱਡੀ ਦੇ ਬਲਜੀਤ ਸਿੰਘ, ਪਿੰਡ ਰੱਤੋਰੋੜੀ ਦੇ ਬਾਜ ਸਿੰਘ ਤੇ ਕਪੂਰਥਲਾ ਦੀ ਮਹਿਲਾ ਪਰਮ ‘ਤੇ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ।

SSP ਮੁਤਾਬਕ 18 ਮਈ ਦੀ ਰਾਤ ਸਾਢੇ 9 ਵਜੇ ਪਿੰਡ ਰੱਤੋਰੋੜੀ ਦੇ ਪਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਲਾਡੀ, ਰੇਸ਼ਮ ਤੇ ਹੋਰ ਸਾਥੀ ਨਾਜਾਇਜ਼ ਅਸਲੇ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਹਨ। ਇੰਸਪੈਕਟਰ ਗਿੱਲ ਨੇ ਲਾਡੀ ਸਮੇਤ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਤੇ ਉਨ੍ਹਾਂ ਨੂੰ ਉੱਥੇ ਛੱਡ ਖ਼ੁਦ ਚੋਣ ਡਿਊਟੀ ਵਿੱਚ ਚਲੇ ਗਏ। ਉੇਸੇ ਰਾਤ ਲਾਡੀ ਨੇ ਹਿਰਾਸਤ ਵਿੱਚ ਹੀ ਚਾਦਰ ਨਾਲ ਫਾਹਾ ਲੈ ਲਿਆ। ਮਾਮਲੇ ਨੂੰ ਲੁਕਾਉਣ ਤੇ ਸਬੂਤ ਮਿਟਾਉਣ ਲਈ ਇੰਸਪੈਕਟਰ ਨਰਿੰਦਰ ਸਵੇਰੇ ਕਰੀਬ 5:30 ਵਜੇ ਲਾਸ਼ ਬਾਹਰ ਲੈ ਗਏ ਸੀ। ਬਾਅਦ ਵਿੱਚ ਉਨ੍ਹਾਂ ਵੀ ਖ਼ੁਦਕੁਸ਼ੀ ਕਰ ਲਈ ਸੀ, ਉਨ੍ਹਾਂ ‘ਤੇ ਵੀ ਕੇਸ ਦਰਜ ਕੀਤਾ ਗਿਆ ਸੀ।

Source:AbpSanjha