2006 ਜਲੰਧਰ ਬੱਸ ਅੱਡੇ ‘ਤੇ ਧਮਾਕੇ ਦਾ ਮੁਲਜ਼ਮ ਤੇ ਖ਼ਾਲਿਸਤਾਨੀ ਦਹਿਸ਼ਤਗਰਦਾਂ ਦਾ ਨਜ਼ਦੀਕੀ ਕਾਬੂ

2006 jalandhar bus stand bomb blast accused arrested

ਕਾਊਂਟਰ ਇੰਟੈਲੀਜੈਂਸ ਅਤੇ ਪੁਲਿਸ ਨੇ ਸਾਲ 2006 ‘ਚ ਜਲੰਧਰ ਬੱਸ ਅੱਡੇ ‘ਤੇ ਧਮਾਕੇ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਲੰਧਰ ਦੇ ਸਰੀਂਹ ਪਿੰਡ ਦੇ ਰਹਿਣ ਵਾਲੇ ਮੁਲਜ਼ਮ ਅਮਰੀਕ ਸਿੰਘ ਨੂੰ ਉਸ ਦੇ ਪਿੰਡ ਤੋਂ ਹੀ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਅਮਰੀਕ ਦੇ ਸਬੰਧ ਖ਼ਾਲਿਸਤਾਨੀ ਦਹਿਸ਼ਤੀ ਜਥੇਬੰਦੀਆਂ ਨਾਲ ਵੀ ਸਨ।

ਪੁਲਿਸ ਨੇ ਦੱਸਿਆ ਕਿ ਬੰਬ ਧਮਾਕੇ ਮਗਰੋਂ ਅਮਰੀਕ ਸਿੰਘ ਫਰਾਰ ਹੋ ਕੇ ਯੂਗਾਂਡਾ ਪਹੁੰਚ ਗਿਆ ਸੀ ਅਤੇ ਉੱਥੋਂ ਦੀ ਨਾਗਰਿਕਤਾ ਲੈਣ ਵਿੱਚ ਕਾਮਯਾਬ ਵੀ ਹੋ ਗਿਆ। ਕੁਝ ਦਿਨ ਪਹਿਲਾਂ ਉਹ ਨੇਪਾਲ ਦੇ ਰਸਤੇ ਭਾਰਤ ਆਇਆ ਤੇ ਆਪਣੇ ਪਿੰਡ ਵਿੱਚ ਰਹਿ ਰਿਹਾ ਸੀ। ਪੁਲਿਸ ਮੁਤਾਬਕ ਮੁਲਜ਼ਮ ਦੇ ਤਾਰ ਖ਼ਾਲਿਸਤਾਨ ਕਮਾਂਡੋ ਫੋਰਸ ਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ ਹਨ।

ਪ੍ਰੈਸ ਰਿਲੀਜ਼ ‘ਚ ਏਆਈਜੀ ਕਾਊਂਟਰ ਇੰਟੈਲੀਜੈਂਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਅਮਰੀਕ ਪੁਲਿਸ ਨੂੰ ਜਲੰਧਰ ਬੱਸ ਸਟੈਂਡ ‘ਚ ਹੋਏ ਬੰਬ ਧਮਾਕਿਆਂ ਸਬੰਧੀ ਸਾਲ 2006 ‘ਚ ਥਾਣਾ ਮਾਡਲ ਟਾਊਨ ਵਿੱਚ ਦਰਜ ਦੋ ਕੇਸਾਂ ਮੁਕੱਦਮਾ ਨੰਬਰ 173 ਅਤੇ 175 ਵਿੱਚ ਲੋੜੀਂਦਾ ਸੀ।

ਇਹ ਵੀ ਪੜ੍ਹੋ : 1984 ਸਿੱਖ ਕਤਲੇਆਮ ਕੇਸ ‘ਚ ਮੁੱਖ ਗਵਾਹ ਵੱਲੋਂ ਵੀ ਸੱਜਣ ਕੁਮਾਰ ਦੀ ਸ਼ਨਾਖ਼ਤ

ਏਆਈਜੀ ਨੇ ਦੱਸਿਆ ਕਿ ਇਹ ਧਮਾਕੇ ਪਾਕਿਸਤਾਨ ਤੋਂ ਅੱਤਵਾਦੀ ਗਤਿਵਿਧਿਆਂ ਚਲਾ ਰਹੇ ਕੇਜ਼ੈਡਐੱਫ ਦੇ ਕਮਾਂਡਰ ਰਣਜੀਤ ਸਿੰਘ ਨੀਟਾ ਅਤੇ ਅਮਰੀਕਾ ਦੇ ਬਲਵਿੰਦਰ ਸਿੰਘ ਪੋਸੀ ਨੇ ਸਤਨਾਮ ਸਿੰਘ ਸੱਤਾ ਰਾਹੀਂ ਕਰਵਾਏ ਸਨ। 28 ਅਪਰੈਲ ਨੂੰ ਹੋਏ ਬੰਬ ਧਮਾਕੇ ਵਿੱਚ ਤਿੰਨ ਮੌਤਾਂ ਹੋਈਆਂ ਸਨ, ਜਦਕਿ ਦੂਜਾ ਧਮਾਕਾ ਦੋਸ਼ੀ ਵੱਲੋਂ ਸਹੀ ਢੰਗ ਨਾਲ ਨਹੀਂ ਕੀਤਾ ਜਾ ਸਕਿਆ ਸੀ ਅਤੇ ਉਹ ਇਸ ਵਿੱਚ ਜ਼ਿਆਦਾ ਨੁਕਸਾਨ ਨਹੀਂ ਕਰ ਪਾਏ ਸਨ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਅਮਰੀਕ 1992 ਤੋਂ 1995 ਦੇ ਸਮੇਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਸੀ। ਉਹ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਅੱਤਵਾਦੀ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ ਨਾਲ ਵੀ ਸਬੰਧਤ ਰਿਹਾ ਸੀ ਜਿਸ ਨੇ ਉਸ ਨੂੰ ਇੱਕ ਰਿਵਾਲਵਰ ਅਤੇ ਇੱਕ ਪਿਸਤੌਲ ਵੀ ਦਿੱਤੇ ਹੋਏ ਸੀ ਇਹਨਾਂ ਹਥਿਆਰਾਂ ਨੂੰ ਉਸ ਸਾਲ 1995 ਵਿਚ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਡਕੈਤੀ ਦੀਆਂ ਵਾਰਦਾਤਾਂ ਲਈ ਵੀ ਵਰਤਿਆ ਸੀ।

ਪੁਲਿਸ ਮੁਤਾਬਕ ਸਾਲ 1998 ਵਿੱਚ, ਉਸ ਨੇ ਆਪਣੇ ਛੇ ਹੋਰ ਸਾਥੀਆਂ ਦੇ ਨਾਲ ਮਿਲ ਹਰਵਿੰਦਰ ਸਿੰਘ ਭੋਲਾ ਨਾਂਅ ਦੇ ਵਿਅਕਤੀ ਨੂੰ ਗੁਰੂ ਨਗਰ ਮਾਡਲ ਟਾਊਨ ਜਲੰਧਰ ਵਿੱਚ ਕਤਲ ਕਰ ਦਿੱਤਾ ਸੀ। ਇਸ ਕਤਲ ਦੇ ਮਾਮਲੇ ਵਿਚ ਉਨ੍ਹਾਂ ਨੂੰ ਉਮਰ ਕੈਦ ਅਤੇ 2000 ਰੁਪਏ ਦਾ ਜੁਰਮਾਨਾ ਹੋਇਆ ਸੀ ਅਤੇ ਉਹ ਜੇਲ੍ਹ ਤੋਂ ਪੈਰੋਲ ‘ਤੇ ਆ ਕੇ ਭਾਰਤ ਤੋਂ ਯੂਗਾਂਡਾ ਭੱਜ ਗਿਆ ਸੀ।

2003 ਵਿੱਚ, ਉਸ ਦੇ ਭਾਰਤੀ ਪਾਸਪੋਰਟ ਦੀ ਮਿਆਦ ਪੁੱਗ ਗਈ ਸੀ ਅਤੇ ਉਸ ਨੇ ਯੂਗਾਂਡਾ ਤੋਂ ਗ਼ਲਤ ਹੇਰਫੇਰ ਕਰ ਨਵਾਂ ਪਾਸਪੋਰਟ ਪ੍ਰਾਪਤ ਕਰ ਲਿਆ ਸੀ ਅਤੇ ਫਿਰ ਨਾਗਰਿਕਤਾ ਵੀ ਹਾਸਲ ਕਰ ਲਈ। ਉਸ ਨੇ ਪੋਸੀ ਅਤੇ ਨੀਟਾ ਦੀਆਂ ਹਦਾਇਤਾਂ ‘ਤੇ, ਉਸਨੇ ਸਤਨਾਮ ਸਿੰਘ ਅਤੇ ਨਿਰਮਲ ਸਿੰਘ ਨੂੰ ਯੂਗਾਂਡਾ ਦੀ ਸਪਾਂਸਰਸ਼ਿਪ ਭੇਜੀ, ਯੂਗਾਂਡਾ ਵਿੱਚ ਉਨ੍ਹਾਂ ਨੂੰ ਰਸੀਵ ਕੀਤਾ, ਯੂਗਾਂਡਾ ਵਿੱਚ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਅਤੇ ਬਾਅਦ ਵਿੱਚ ਉਸ ਨੇ ਸਤਨਾਮ ਸਿੰਘ ਨੂੰ ਬੰਬ ਬਣਾਉਣ ਅਤੇ ਹੋਰ ਹਥਿਆਰਾਂ ਦੀ ਸਿਖਲਾਈ ਦਿਵਾਉਣ ਲਈ ਪਾਕਿਸਤਾਨ ਭੇਜਣ ਦਾ ਪ੍ਰਬੰਧ ਕੀਤਾ।

2007 ਵਿਚ ਅਮਰੀਕ ਸਿੰਘ ਨੂੰ ਅਦਾਲਤ ਵਲੋਂ ਧਮਾਕਿਆਂ ਸੰਬੰਧੀ ਥਾਣਾ ਮਾਡਲ ਟਾਊਨ ਵਿੱਚ ਦਰਜ ਹੋਏ ਮੁਕੱਦਮਾਂ ਨੰਬਰ 173 ਅਤੇ 175 ਵਿੱਚ ਭਗੌੜਾ ਅਪਰਾਧੀ ਐਲਾਨ ਕੀਤਾ ਗਿਆ ਸੀ। ਸਾਲ 2012 ਵਿਚ ਅਮਰੀਕ ਸਿੰਘ ਨੂੰ ਯੂਗਾਂਡਾ ਪੁਲਿਸ ਨੇ ਮਾਨਵ ਤਸਕਰੀ ਦੇ ਦੋਸ਼ ਗ੍ਰਿਫਤਾਰ ਕੀਤਾ ਅਤੇ ਚਾਰ ਸਾਲ ਜੇਲ੍ਹ ਵਿੱਚ ਰਿਹਾ। ਇਸੇ ਕਾਰਨ ਯੂਗਾਂਡਾ ਵਿੱਚ ਭਾਰਤੀ ਦੂਤਘਰ ਨੇ ਤਿੰਨ ਵਾਰ ਉਸਨੂੰ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਖੱਖ ਨੇ ਦੱਸਿਆ ਕਿ ਜਨਵਰੀ 2017 ਵਿਚ, ਉਹ ਨੇਪਾਲ ਰਾਹੀਂ ਭਾਰਤ ਪਹੁੰਚਿਆ, ਉਹ ਨੇਪਾਲ ਵਿਚ ਕਾਠਮੰਡੂ ਵਿੱਚ 14 ਦਿਨ ਠਹਿਰਿਆ ਅਤੇ ਨੇਪਾਲ ਸਰਹੱਦ ਤੋਂ ਰੇਲਗੱਡੀ ਰਾਹੀਂ ਦਿੱਲੀ ਪਹੁੰਚਿਆ, ਅੱਗੇ ਬੱਸ ਰਾਹੀਂ ਆਪਣੇ ਪਿੰਡ ਤਕ ਆ ਗਿਆ। ਹੁਣ ਉਹ ਗੈਰ ਕਾਨੂੰਨੀ ਤੌਰ ‘ਤੇ ਭਾਰਤ ਵਿਚ ਬਿਨਾਂ ਵੀਜ਼ੇ ਦੇ ਰਹਿ ਰਿਹਾ ਹੈ, ਉਸ ਨੂੰ ਮੁਖਬਰ ਰਾਹੀਂ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਵਿਰੁੱਧ ਪੁਲਿਸ ਥਾਣਾ ਸਦਰ ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਹੋਰ ਜਾਂਚ ਲਈ, ਅੱਜ ਉਸ ਨੂੰ ਮੈਜਿਸਟਰੇਟ ਅੱਗੇ ਪੇਸ਼ ਕਰ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ।

Source:AbpSanjha