ਪੰਚਾਇਤੀ ਚੋਣਾਂ ‘ਚ ਉਮੀਦਵਾਰਾਂ ਨੂੰ ਚਿੰਤਾ ਵੋਟਾਂ ਦੀ ਤੇ ਲੋਕਾਂ ਨੂੰ ਘਰਾਂ ਦੀਆਂ ਕੰਧਾਂ ਦੀ

candidates poster on walls
ਜਲੰਧਰ(ਵਰਿਆਣਾ)— ਇਕ ਪਾਸੇ ਜਿੱਥੇ ਪੰਚਾਇਤੀ ਚੋਣਾਂ ‘ਚ ਕਰੀਬ 2 ਦਿਨ ਹੀ ਬਾਕੀ ਰਹਿ ਗਏ ਹਨ ਅਤੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ। ਉਥੇ ਦੂਜੇ ਪਾਸੇ ਚੋਣ ਪ੍ਰਚਾਰ ਵਿਚ ਇੰਨੀ ਤੇਜ਼ੀ ਆ ਗਈ ਹੈ ਕਿ ਤਕਰੀਬਨ ਹਰ ਪਿੰਡ ਦੀਆਂ ਕੰਧਾਂ ਚੋਣ ਪ੍ਰਚਾਰ ਇਸ਼ਤਿਹਾਰਾਂ ਨਾਲ ਭਰੀਆਂ ਦਿਖਾਈ ਦੇ ਰਹੀਆਂ ਹਨ। ਇਸ ਸਬੰਧੀ ‘ਜਗ ਬਾਣੀ’ ਟੀਮ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਦੇਖਿਆ ਕਿ ਕਈ ਪਿੰਡਾਂ ਵਿਚ ਸਥਿਤ ਘਰਾਂ ਦੀਆਂ ਬਾਹਰੀ ਦੀਵਾਰਾਂ ਚੋਣ ਪ੍ਰਚਾਰ ਪੋਸਟਰਾਂ ਨਾਲ ਇਸ ਤਰ੍ਹਾਂ ਭਰੀਆਂ ਦਿਖਾਈ ਦਿੱਤੀਆਂ, ਜਿਵੇਂ ਉਕਤ ਘਰ, ਘਰ ਨਾ ਹੋਣ ਸਗੋਂ ਕਿਸੇ ਉਮੀਦਵਾਰ ਦਾ ਚੋਣ ਦਫਤਰ ਹੋਵੇ। ਇਸ ਸਬੰਧੀ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਇਕ ਤਰ੍ਹਾਂ ਨਾਲ ਤੰਗ ਆ ਗਏ ਹਾਂ। ਇਨ੍ਹਾਂ ਪੰਚਾਇਤੀ ਚੋਣਾਂ ਤੋਂ ਕਿਉਂਕਿ ਉਕਤ ਚੋਣਾਂ ਵਿਚ ਜਿੰਨੇ ਵੀ ਉਮੀਦਵਾਰ ਚੋਣ ਲੜਨ ਲਈ ਖੜ੍ਹੇ ਹਨ। ਉਹ ਆਪਣੇ ਹੀ ਪਿੰਡ ਦੇ ਹਨ ਜੋ ਆਪਣੇ ਪ੍ਰਚਾਰ ਲਈ ਸਾਡੇ ਘਰਾਂ ਦੀਆਂ ਕੰਧਾਂ ‘ਤੇ ਪੋਸਟਰ ਲਾ ਕੇ ਕੰਧਾਂ ਨੂੰ ਭਰ ਰਹੇ ਹਨ। ਪਿੰਡ ਦੇ ਹੀ ਹੋਣ ਕਰ ਕੇ ਅਸੀਂ ਉਨ੍ਹਾਂ ਨੂੰ ਕਹਿ ਵੀ ਕੁਝ ਨਹੀਂ ਸਕਦੇ ਅਤੇ ਦੁਖੀ ਪ੍ਰੇਸ਼ਾਨ ਵੀ ਬਹੁਤ ਹਾਂ।
ਉਨ੍ਹਾਂ ਦਾ ਕਹਿਣਾ ਸੀ ਕਿ ਘਰਾਂ ਨੂੰ ਅਸੀਂ ਮਹਿੰਗੇ-ਮਹਿੰਗੇ ਰੰਗ-ਰੋਗਨ ਕਰਵਾਏ ਹਨ ਪਰ ਇਨ੍ਹਾਂ ਪੰਚਾਇਤੀ ਉਮੀਦਵਾਰਾਂ ਨੇ ਆਪਣੇ-ਆਪਣੇ ਪ੍ਰਚਾਰ ਲਈ ਪੋਸਟਰ ਲਾ ਕੇ ਸਾਡੇ ਘਰਾਂ ਦੀਆਂ ਕੰਧਾਂ ਦੀ ਸੁੰਦਰਤਾ ਨੂੰ ਵਿਗਾੜ ਕੇ ਹੀ ਰੱਖ ਦਿਤਾ। ਉਨ੍ਹਾਂ ਦਾ ਕਹਿਣਾ ਸੀ ਕਿ ਹਾਲਾਤ ਅਜਿਹੇ ਬਣ ਗਏ ਕਿ ਉਕਤ ਚੋਣਾਂ ਵਿਚ ਵਾਰਡ ਦੇ ਹਿਸਾਬ ਨਾਲ ਇਕ ਇਕ ਵਾਰਡ ਵਿਚ ਸਰਪੰਚ ਤੋਂ ਇਲਾਵਾ ਕਈ ਪੰਚਾਇਤੀ ਉਮੀਦਵਾਰ ਖੜ੍ਹੇ ਹਨ। ਜਿਸ ਕਾਰਨ ਇਕ ਹੀ ਦੀਵਾਰ ‘ਤੇ ਹਰ ਮੈਂਬਰਾਂ ਸਹਿਤ 50-50 ਪੋਸਟਰ ਚਿਪਕਾ ਦਿੱਤੇ ਜਾਂਦੇ ਹਨ। ਹਰ ਉਮੀਦਵਾਰ ਆਪੋ-ਆਪਣੇ ਵਾਰਡ ਦੇ ਹਿਸਾਬ ਨਾਲ ਪਿੰਡ ਦੀਆਂ ਕੰਧਾਂ ਪੋਸਟਰਾਂ ਨਾਲ ਭਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਮੀਦਵਾਰਾਂ ਨੂੰ ਤਾਂ ਵੋਟਾਂ ਦੀ ਚਿੰਤਾ ਸਤਾਉਣ ਲੱਗੀ ਹੈ ਸ਼ਾਇਦ ਇਸੇ ਕਰ ਕੇ ਉਹ ਆਪਣੇ ਚੋਣ ਪ੍ਰਚਾਰ ਵਿਚ ਕਿਸੇ ਕਿਸਮ ਦੀ ਵੀ ਢਿੱਲ ਨਹੀਂ ਰੱਖਣੀ ਚਾਹੁੰਦੇ ਪਰ ਸਾਨੂੰ ਤਾਂ ਇਹ ਫਿਕਰ ਹੈ ਕਿ ਉਕਤ ਚੋਣਾਂ ਤਾਂ 30 ਦਸੰਬਰ ਨੂੰ ਖਤਮ ਹੋ ਜਾਣੀਆਂ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਸਾਡਾ ਹਾਲ ਪੁੱਛਣਾ ਜਾਂ ਨਹੀਂ ਪਰ ਸਾਡੀਆਂ ਪੋਸਟਰ ਲੱਗ ਕੇ ਖਰਾਬ ਕੀਤੀਆਂ ਕੰਧਾਂ ਹਜ਼ਾਰਾਂ ਰੁਪਏ ਦਾ ਜ਼ਰੂਰ ਨੁਕਸਾਨ ਕਰ ਜਾਣਗੀਆਂ, ਜਿਸ ਦਾ ਖਮਿਆਜ਼ਾ ਕਿਸੇ ਵੀ ਉਮੀਦਵਾਰ ਨੇ ਨਹੀਂ ਭਰਨਾ।

ਚੋਣ ਜਿੱਤ ਗਏ ਤਾਂ ਕੰਧਾਂ ਤਾਂ ਕੀ ਗਲੀਆਂ-ਨਾਲੀਆਂ ਵੀ ਰੋਗਨ ਕਰਵਾ ਦੇਵਾਂਗੇ
ਉਧਰ ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ ‘ਤੇ ਕਈ ਪਿੰਡਾਂ ਦੇ ਉਮੀਦਵਾਰਾਂ ਦਾ ਕਹਿਣਾ ਸੀ ਇਕ ਵਾਰ ਅਸੀਂ ਚੋਣ ਜਿੱੱਤ ਜਾਈਏ, ਫਿਰ ਦੇਖਿਓ ਲੋਕਾਂ ਦੇ ਘਰਾਂ ਦੀਆਂ ਕੰਧਾਂ ਤਾਂ ਕੀ ਪਿੰਡ ਦੀਆਂ ਗਲੀਆਂ-ਨਾਲੀਆਂ ਵੀ ਰੋਗਨ ਕਰਵਾ ਦੇਵਾਂਗੇ, ਸਾਡੀ ਵੀ ਮੁੱਛ ਦਾ ਸਵਾਲ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਡਰ ਹੈ ਕਿ ਕਿਧਰੇ ਪਿੰਡ ਦੇ ਲੋਕ ਸਾਡੇ ਚੋਣ ਚਿੰਨ੍ਹ ਨੂੰ ਨਾ ਭੁੱਲ ਜਾਣ ਇਸ ਕਰ ਕੇ ਸਾਨੂੰ ਮਜਬੂਰਨ ਇਸ ਤਰਾਂ ਪੋਸਟਰ ਲਗਾਉਣੇ ਪੈ ਰਹੇ ਹਨ।

ਇੰਨੇ ਵਾਅਦੇ ਤਾਂ ਐੱਮ. ਪੀ. ਵੀ ਨਹੀਂ ਕਰਦੇ, ਜਿੰਨੇ ਪੰਚਾਇਤੀ ਉਮੀਦਵਾਰ ਚੋਣ ਪ੍ਰਚਾਰ ‘ਚ ਕਰ ਰਹੇ ਹਨ
ਉਧਰ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਪੰਚਾਇਤੀ ਚੋਣਾਂ ਵਿਚ ਹਰ ਉਮੀਦਵਾਰ ਵਲੋਂ ਚੋਣ ਜਿੱਤਣ ਦਾ ਸਰੂਰ ਇੰਨਾ ਭਰਿਆ ਹੋਇਆ ਹੈ ਕਿ ਉਹ ਆਪਣੇ ਚੋਣ ਪ੍ਰਚਾਰ ਵਿਚ ਅਜਿਹੇ ਕਈ ਵੱਡੇ-ਵੱਡੇ ਵਾਅਦੇ ਕਰ ਰਹੇ ਹਨ ਕਿ ਇੰਨੇ ਵਾਅਦੇ ਤਾਂ ਵਿਧਾਨ ਸਭਾ ਅਤੇ ਲੋਕ ਸਭਾਂ ਚੋਣਾਂ ਵਿਚ ਖੜ੍ਹੇ ਐੱਮ. ਪੀ ਅਤੇ ਐੱਮ. ਐੱਲ. ਏ. ਉਮੀਦਵਾਰ ਵੀ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਚੋਣਾਂ ਵਿਚ ਕੀਤੇ ਜਾ ਰਹੇ ਵੱਡੇ-ਵੱਡੇ ਵਾਅਦਿਆਂ ਨੂੰ ਦੇਖ ਕੇ ਖੁਦ ਵੋਟਰ ਵੀ ਹੈਰਾਨ ਹਨ।

ਸਰਪੰਚੀ -ਪੰਚੀ ਨੂੰ ਲੈ ਕੇ ਲੋਕ ਲਾ ਰਹੇ ਜਿੱਤ-ਹਾਰ ਦੀਆਂ ਸ਼ਰਤਾਂ
ਇਕ ਪਾਸੇ ਜਿੱਥੇ ਹਲਕਾ ਕਰਤਾਰਪੁਰ ਦੇ ਕਈ ਪਿੰਡਾਂ ਵਿਚ ਸਰਪੰਚੀ ਨੂੰ ਲੈ ਕੇ ਸਖਤ ਅਤੇ ਰੋਚਕ ਮੁਕਾਬਲੇ ਹੋ ਰਹੇ ਹਨ ਉਥੇ ਹੀ ਦੂਜੇ ਪਾਸੇ ਕਈ ਪਿੰਡਾਂ ਵਿਚ ਸਰਪੰਚੀ ਨਾਲੋਂ ਪੰਚੀ ਦੇ ਮੁਕਾਬਲੇ ਕਾਫੀ ਰੋਚਕ ਬਣੇ ਦਿਖਾਈ ਦਿੱਤੇ। ਜਿਥੇ ਲੋਕਾਂ ਦਾ ਧਿਆਨ ਸਰਪੰਚ ਦੀ ਜਿੱਤ ਹਾਰ ਵੱਲ ਘੱਟ ਅਤੇ ਪੰਚ ਵੱਲ ਜ਼ਿਆਦਾ ਹੈ। ਦੇਖਿਆ ਗਿਆ ਕਿ ਉਕਤ ਪੰਚੀ ਦੀ ਜਿੱਤ-ਹਾਰ ਨੂੰ ਲੈ ਕੇ ਤਾਂ ਕਈਆਂ ਨੇ ਸ਼ਰਤਾਂ ਵੀ ਲਗਾ ਰੱਖੀਆਂ ਹਨ। ਹੁਣ ਦੇਖਣਾ ਇਹ ਹੈ ਕਿ ਚੋਣ ਨਤੀਜੇ ਚਿਹਰਿਆਂ ‘ਤੇ ਖੁਸ਼ੀ ਲਿਆਉਂਦੇ ਤੇ ਕਿੰਨਿਆਂ ਨੂੰ ਨਿਰਾਸ਼ ਕਰਦੇ ਹਨ।

Source:Jagbani