ਖਹਿਰਾ ਮਗਰੋਂ ਹੁਣ ਫੂਲਕਾ ਨੇ ਵੀ ਆਪਣੇ ਸੰਗਠਨ ਦਾ ਕੀਤਾ ਐਲਾਨ

HS Phoolka

ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬੀ ਏਕਤਾ ਪਾਰਟੀ ਬਣਾਉਣ ਤੋਂ ਬਾਅਦ ਹੁਣ ਐਡਵੋਕੇਟ ਐਚਐਸ ਫੂਲਕਾ ਨੇ ਵੀ ਆਪਣੇ ਨਵੇਂ ਸੰਗਠਨ ਦਾ ਐਲਾਨ ਕਰ ਦਿੱਤਾ ਹੈ। ਇਸ ਸੰਗਠਨ ਦਾ ਨਾਂ ‘ਸਿੱਖ ਸੇਵਾ ਸੰਗਠਨ’ ਹੋਏਗਾ। ਇਸ ਬਾਰੇ ਰਸਮੀ ਐਲਾਨ ਉਹ 12 ਜਨਵਰੀ ਨੂੰ ਕਰਨਗੇ।

ਉਂਝ ਖਹਿਰਾ ਨੇ ਜਿੱਥੇ ਸਿਆਸੀ ਪਾਰਟੀ ਦਾ ਐਲਾਨ ਕੀਤਾ ਹੈ, ਉੱਥੇ ਫੂਲਕਾ ਨੇ ਸਿਆਸਤ ਤੋਂ ਪਰ੍ਹਾਂ ਹਟ ਕੇ ਸਮਾਜ ਸੇਵਾ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਹ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪ੍ਰਭਾਵ ਹੇਠੋਂ ਕੱਢਣ ਲਈ ਕੰਮ ਕਰਨਗੇ। ਇਸ ਲਈ ਹੀ ਫੂਲਕਾ ਨੇ ਆਪਣੇ ਨਵੇਂ ਸੰਗਠਨ ਦਾ ਨਾਮ ‘ਸਿੱਖ ਸੇਵਾ ਸੰਗਠਨ’ ਰੱਖਿਆ ਹੈ

ਫੂਲਕਾ ਦਾ ਕਹਿਣਾ ਹੈ ਕਿ ਇਹ ਸੰਗਠਨ ਸ਼੍ਰੋਮਣੀ ਕਮੇਟੀ ‘ਚੋਂ ਸਿਆਸੀਕਰਨ ਨੂੰ ਖਤਮ ਕਰਨ ਬਾਰੇ ਤੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਬਣਾਇਆ ਗਿਆ ਹੈ। ਫੂਲਕਾ ਨੇ ਵੀ ਖਹਿਰਾ ਵਾਂਗ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਨੇ ਅਸਤੀਫਾ ਦਿੰਦਿਆਂ ਕਿਹਾ ਸੀ ਕਿ ਹੁਣ ਉਹ ਸਿਆਸਤ ਨਹੀਂ ਕਰਨਗੇ ਸਗੋਂ ਸਮਾਜਿਕ ਤੇ ਧਾਰਮਿਕ ਖੇਤਰਾਂ ਵਿੱਚ ਕੰਮ ਕਰਨਗੇ।

Source:AbpSanjha