ਹਰਸਿਮਰਤ ਕੌਰ ਬਾਦਲ ਨੇ ਮੰਤਰੀ ਮੰਡਲ ਤੋਂ ਬਾਅਦ ਲੋਕ ਸਭਾ ‘ਚ ਖੇਤੀ ਕਾਨੂੰਨਾਂ ਦਾ ਕੀਤਾ ਜ਼ੋਰਦਾਰ ਵਿਰੋਧ

Harsimrat-kaur-badal-opposes-agriculture-laws-in-lok-sabha-after-cabinet

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਉਸ ਵੇਲੇ ਦੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੁੱਖ ਮੰਤਰੀਆਂ ਦੀ ਵਰਕਿੰਗ ਕਮੇਟੀ ਨੇ ਪਹਿਲਾਂ ਹੀ ਕਿਸਾਨ ਹਿੱਤਾਂ ਦੀ ਰਾਖੀ ਦੀਆਂ ਸਿਫਾਰਸ਼ਾਂ ਕੀਤੀਆਂ ਸਨ ਤੇ ਕਿਹਾ ਸੀ ਕਿ ਐਮ.ਐਸ.ਪੀ ਤੋਂ ਘੱਟ ਕਿਸਾਨਾ ਤੇ ਵਪਾਰੀਆਂ ਵਿਚ ਕੋਈ ਸੌਦੇਬਾਜ਼ੀ ਨਹੀਂ ਹੋਣੀ ਚਾਹੀਦੀ। ਉਹਨਾਂ ਪੁੱਛਿਆ ਕਿ ਉਸ ਵੇਲੇ ਤੋਂ ਹੁਣ ਤੱਕ ਕੀ ਬਦਲਿਆ ਹੈ ?

ਸ੍ਰੀਮਤੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਦੱਸੇ ਕਿ 26 ਜਨਵਰੀ ਦੀਆਂ ਘਟਨਾਵਾਂ ਬਾਰੇ ਖੁਫੀਆ ਏਜੰਸੀਆਂ ਦੀਆਂ ਅਸਫਲਤਾਵਾਂ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਜਿਹਨਾਂ ਨੇ ਕੌਮੀ ਝੰਡੇ ਵਾਸਤੇ ਹੁਣ ਤੱਕ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਕੇਸਰੀ ਨਿਸ਼ਾਨ ਸਾਹਿਬ ਦਾ ਪ੍ਰਧਾਨ ਮੰਤਰੀ ਆਪ ਸਨਮਾਨ ਕਰਦੇ ਸਨ ਉਸਦੀ ਬਦਨਾਮੀ ਕੀਤੀ ਜਾ ਰਹੀ  ਹੈ।

ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਵਿਚ ਕਿੰਨਾ ਹੰਕਾਰ ਆ ਗਿਆ ਹੈ। ਇਹ ਕਿਸਾਨਾਂ ਨੂੰ ਵਿਚੋਲੇ, ਨਕਸਲਵਾਦੀ ਤੇ ਖਾਲਿਸਤਾਨੀ ਕਰਾਰ ਦੇ ਕੇ ਉਹਨਾਂ ਨੂੰ ਬਦਨਾਮ ਕਰ ਰਹੀ ਹੈ ਤੇ ਕਿਸਾਨਾਂ ਦੀ ਭਲਾਈ ਵਾਸਤੇ ਕਿਸੇ ਵੀ ਮੰਤਰੀ ਨੂੰ ਭੇਜਣ ਵਾਸਤੇ ਤਿਆਰ ਨਹੀਂ ਹੈ।

ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਆਪ 18 ਸਾਲਾ ਖੇਤੀਬਾੜੀ ਕੀਤੀ।

ਇਥੇ ਦੱਸਣਯੋਗ ਹੈ ਕਿ ਸ੍ਰੀਮਤੀ ਬਾਦਲ ਨੇ ਨਾ ਸਿਰਫ ਕੇਂਦਰੀ ਮੰਤਰੀ ਮੰਡਲ ਵਿਚ ਖੇਤੀਬਾੜੀ ਆਰਡੀਨੈਂਸ ਤੇ ਬਿੱਲਾਂ ਵਿਰੋਧ ਕੀਤਾ ਬਲਕਿ ਵੱਖ -ਵੱਖ ਮੰਤਰੀਆਂ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ ਵਾਸਤੇ ਵੀ ਆਖਿਆ ਤੇ ਖੇਤੀਬਾੜੀ ਬਿੱਲਾਂ ਦਾ ਵੀ ਵਿਰੋਧ ਕੀਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ