ਫ਼ਤਹਿ ਦੇ ਬਚਾਅ ਨੂੰ ਲੈ ਕੇ ਹਰਪਾਲ ਸਿੰਘ ਚੀਮਾ ਨੇ ਸਾਧਿਆ ਕਾਂਗਰਸ ਤੇ ਨਿਸ਼ਾਨਾ

Harpal Singh Cheema

ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਫਤਿਹ ਦੇ ਬਚਾਅ ਕਾਰਜ ਵਿੱਚ ਬੁਰੀ ਤਰਾਂ ਨਾਲ ਫੇਲ੍ਹ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਉੱਥੇ ਇਹ ਵੀ ਕਿਹਾ ਕਿ ਜੇਕਰ ਐਨਡੀਆਰਐਫ ਟੀਮ ਵੀ ਇਸ ਮਿਸ਼ਨ ਵਿੱਚ ਫੇਲ੍ਹ ਹੋ ਗਈ ਤਾਂ ਪੰਜਾਬ ਸਰਕਾਰ ਨੇ ਫ਼ੌਜ ਨੂੰ ਸੱਦਾ ਕਿਉਂ ਨਹੀਂ ਭੇਜਿਆ। ਉਨ੍ਹਾਂ ਕਿਹਾ ਹੈ ਕਿ ਐਨਡੀਆਰਐਫ ਟੀਮ ਕੋਲ ਫ਼ਤਹਿ ਦੀ ਲੋਕੇਸ਼ਨ ਟਰੇਸ ਕਰਨ ਲਈ ਲੋੜੀਂਦੇ ਯੰਤਰ ਨਹੀਂ ਹਨ, ਜੋ ਕਿ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਾਲਾਇਕੀ ਮੰਨੀ ਜਾ ਰਹੀ ਹੈ।

ਚੀਮਾ ਨੇ ਕਿਹਾ ਕਿ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਕਾਂਗਰਸ ਸਰਕਾਰ ਨੇ ਮਾੜੀ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਕਿਸੇ ਤਕਨੀਕੀ ਮਾਹਰ ਅਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਨੀ ਚਾਹੀਦੀ ਸੀ।

ਇਹ ਵੀ ਪੜੋ: ਅੰਮ੍ਰਿਤਸਰ ਵਿਚ ਹੋਈ ਵੱਡੀ ਲੁੱਟ, ਲੁਟੇਰੇ 21 ਲੱਖ ਲੈ ਕੇ ਹੋਏ ਫਰਾਰ

ਉਨ੍ਹਾਂ ਕਿਹਾ ਹੈ ਕਿ ਪਿਛਲੇ 75 ਘੰਟਿਆਂ ਤੋਂ ਹੱਥਾਂ ਨਾਲ ਖੁਦਾਈ ਕਰਕੇ ਫ਼ਤਹਿ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਹਾਲੇ ਤਕ ਵੀ ਸਫਲ ਨਹੀਂ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੱਚੇ ਲਈ ਇੱਕ -ਇੱਕ ਮਿੰਟ ਕੀਮਤੀ ਹੈ ਪਰ ਕਾਂਗਰਸ ਸਰਕਾਰ ਦੇ ਸਿੱਖਿਆ ਮੰਤਰੀ ਬਚਾਅ ਕਾਰਜ ਦੇਖਣ ਪਹੁੰਚੇ ਹਨ। ਉਨ੍ਹਾਂ ਕਿਹਾ ਹੈ ਕਿ ਅਜਿਹੇ ਵਿੱਚ ਸਾਫ ਹੈ ਕਿ ਕੈਪਟਨ ਸਰਕਾਰ ਬੱਚੇ ਨੂੰ ਬਚਾਉਣ ਲਈ ਕਿੰਨੀ ਕੁ ਸੰਜੀਦਾ ਹੈ।