ਬਦਮਾਸ਼ ਚੰਨਾ ਹੁਸ਼ਿਆਰਪੁਰੀਆ ਨੂੰ ਹਥਿਆਰਾਂ ਤੇ ਨਸ਼ੇ ਸਮੇਤ ਪੁਲਿਸ ਨੇ ਕੀਤਾ ਕਾਬੂ

channa hoshiarpuria

ਜਲੰਧਰ ਕਾਊਂਟਰ ਇੰਟੈਲੀਜੈਂਸ ਵਿੰਗ ਤੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪੁਲਿਸ ਦੀ ਸਾਂਝੀ ਟੀਮ ਨੇ ਬਦਮਾਸ਼ ਚੰਨਾ ਹੁਸ਼ਿਆਰਪੁਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਦੋ ਗੈਰ ਕਾਨੂੰਨੀ ਪਿਸਤੌਲ ਸਮੇਤ 33 ਕਾਰਤੂਸ ਤੇ 755 ਗ੍ਰਾਮ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਹੈ। ਚੰਨਾ ਹੁਸ਼ਿਆਰਪੁਰੀਆ ਪੁਲਿਸ ਨੂੰ ਕਈ ਕੇਸਾਂ ਵਿੱਚ ਲੋੜੀਂਦਾ ਸੀ। ਚੰਨਾ ਹੁਸ਼ਿਆਰਪੁਰੀਆ ਦੀ ਪਛਾਣ ਜਸਪ੍ਰੀਤ ਸਿੰਘ (30 ਸਾਲ) ਵਾਸੀ ਗੋਕੁਲ ਨਗਰ, ਹੁਸ਼ਿਆਰਪੁਰ ਵਜੋਂ ਹੋਈ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਏਆਈਜੀ ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਵਿੱਚ ਸਰਗਰਮ ਬਦਮਾਸ਼ਾਂ ਤੇ ਹੋਰ ਅਪਰਾਧੀਆਂ ’ਤੇ ਚੌਕਸੀ ਰੱਖ ਰਿਹਾ ਹੈ। ਉਨ੍ਹਾਂ ਨੂੰ ਕਿਸੇ ਭਰੋਸੇਮੰਦ ਸੂਹੀਏ ਨੇ ਜਸਪ੍ਰੀਤ ਸਿੰਘ ਦੇ ਆਉਣ ਬਾਰੇ ਸੂਹ ਦਿੱਤੀ ਸੀ। ਦਰਅਸਲ ਜਸਪ੍ਰੀਤ ਸਿੰਘ ਆਪਣੇ ਪਰਿਵਾਰ ਨੂੰ ਮਿਲਣ ਲਈ ਆ ਰਿਹਾ ਸੀ। ਸੂਹੀਏ ਨੇ ਜਸਪ੍ਰੀਤ ਦੀ ਕਾਰ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ।

ਇਹ ਸੂਚਨਾ ਮਿਲਣ ’ਤੇ ਏਆਈਜੀ ਖੱਖ ਨੇ ਤੁਰੰਤ ਹੁਸ਼ਿਆਰਪੁਰ ਦੇ ਐਸਐਸਪੀ ਜੇ ਏਲੇਂਚੇਜੀਅਨ ਨੂੰ ਸੂਚਿਤ ਕੀਤਾ ਤੇ ਸਾਂਝੀ ਸਾਂਝੀ ਟੀਮ ਤਿਆਰ ਕਰਕੇ ਚੈਕਿੰਗ ਕਰਨ ਤੇ ਮੁਲਜ਼ਮ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਭੇਜਿਆ। ਖੱਖ ਨੇ ਦੱਸਿਆ ਕਿ ਪੁਲਿਸ ਟੀਮ ਨੇ ਭਾਰਤ ਨਗਰ ਟੀ ਪੁਆਇੰਟ ਨੇੜੇ ਭੰਗੀ ਪੁਲ ’ਤੇ ਨਾਕਾ ਲਾ ਕੇ ਚੈਕਿੰਗ ਕੀਤੀ। ਜਦੋਂ ਪੁਲਿਸ ਦੀ ਟੀਮ ਨੇ ਸੂਹੀਏ ਦੇ ਦੱਸੇ ਮੁਤਾਬਕ ਸਿਲਵਰ ਰੰਗ ਦੀ ਏ-ਸਟਾਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵਿੱਚ ਸਵਾਰ ਬਦਮਾਸ਼ ਜਸਪ੍ਰੀਤ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਹੁਸ਼ਿਆਰੀ ਨਾਲ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 755 ਗ੍ਰਾਮ ਨਸ਼ੀਲਾ ਪਦਾਰਥ ਤੇ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ। ਚੰਨਾ ਨੇ ਮੁੱਢਲੀ ਪੁੱਛ-ਗਿੱਛ ਵਿੱਚ ਖ਼ੁਲਾਸਾ ਕੀਤਾ ਹੈ ਕਿ ਪਿਛਲੇ 10 ਸਾਲਾਂ ਦੌਰਾਨ ਉਹ 18 ਤੋਂ ਵੱਧ ਮਾਮਲਿਆਂ ਵਿੱਚ ਸ਼ਾਮਲ ਸੀ। ਏਆਈਜੀ ਨੇ ਦੱਸਿਆ ਕਿ ਉਸ ਉੱਪਰ ਕਤਲ ਤੇ ਇਰਾਦਾ ਕਤਲ ਦੇ 8 ਤੋਂ ਵੱਧ ਮਾਮਲੇ ਦਰਜ ਹਨ। ਕਈ ਮਾਮਲਿਆਂ ’ਚ ਉਸ ਨੂੰ ਅਦਾਲਤ ਵਲੋਂ ਭਗੌੜਾ ਵੀ ਕਰਾਰ ਕੀਤਾ ਗਿਆ ਹੈ।

Source:AbpSanjha