ਕੌਰ ਬੀ ਦੇ ਪ੍ਰੋਗਰਾਮ ਵਿੱਚ ਲੇਟ ਪਹੁੰਚਣ ਕਰਕੇ ਗੋਲੀ ਚੱਲ਼ ਗਈ , ਪ੍ਰੋਗਰਾਮ ਛੱਡ ਭੱਜੀ

firing kaur b program

ਮਜੀਠਾ ਵਿੱਚ ਗਾਇਕਾ ਕੌਰ ਬੀ ਦੇ ਪ੍ਰੋਗਰਾਮ ਵਿੱਚ ਗੋਲੀ ਚੱਲ਼ ਗਈ। ਇਸ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਘਟਨਾ ਮਜੀਠਾ ਸਥਿਤ ਰੌਇਲ ਵਿਲਾ ਰਿਜ਼ੌਰਟ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਵਾਪਰੀ।

ਮਜੀਠਾ ਦੇ ਰਿਜ਼ੌਰਟ ਰੌਇਲ ਵਿਲਾ ਵਿੱਚ ਸੋਮਵਾਰ ਨੂੰ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਵਿੱਚ ਮਸ਼ਹੂਰ ਗਾਇਕਾ ਕੌਰ ਬੀ ਦੇ ਗਰੁੱਪ ਨੇ ਆਪਣਾ ਪ੍ਰੋਗਰਾਮ ਪੇਸ਼ ਕਰਨਾ ਸੀ। ਪ੍ਰੋਗਰਾਮ ਸ਼ੁਰੂ ਹੁੰਦਿਆਂ ਹੀ ਵਿਆਹ ਸਮਾਗਮ ਵਿੱਚ ਸ਼ਾਮਲ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਇਹ ਗੋਲੀ ਦੇਬੀ ਡੀਜੇ ਝਬਾਲ ਦੇ ਅਪਰੇਟਰ ਨੂੰ ਵੱਜ ਗਈ।

ਇਸ ਕਾਰਨ ਪ੍ਰੋਗਰਾਮ ਰੋਕਣਾ ਪਿਆ ਤੇ ਜ਼ਖ਼ਮੀ ਵਿਅਕਤੀ ਨੂੰ ਅੰਮ੍ਰਿਤਸਰ ਦੇ ਹਸਪਤਾਲ ਇਲਾਜ ਵਾਸਤੇ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕੌਰ ਬੀ ਆਪਣੇ ਤੈਅ ਸਮੇ ਤੋਂ ਕਰੀਬ ਢਾਈ ਘੰਟੇ ਲੇਟ ਵਿਆਹ ਸਮਾਗਮ ਵਿੱਚ ਪਹੁੰਚੀ ਜਿਸ ਕਾਰਨ ਲੜਕੇ ਵਾਲਿਆਂ ਵੱਲੋਂ ਹੋਈ ਤੂੰ-ਤੂੰ ਮੈਂ-ਮੈਂ ਦੌਰਾਨ ਕਿਸੇ ਵਿਅਕਤੀ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ।

ਗੋਲੀ ਦੇਬੀ ਡੇਜੀ ਦੇ ਅਪਰੇਟਰ ਬੀਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਝਬਾਲ ਦੀ ਪਿੱਠ ਵਿੱਚ ਜਾ ਲੱਗੀ ਤੇ ਪ੍ਰੋਗਰਾਮ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਮੌਕਾ ਵੇਖ ਕੇ ਗਾਇਕਾ ਕੌਰ ਬੀ ਵੀ ਸਮਾਗਮ ਅੱਧ ਵਿਚਾਲੇ ਛੱਡ ਕੇ ਚਲੀ ਗਈ। ਕੁਝ ਦੇਰ ਬਾਅਦ ਕੌਰ ਬੀ ਦੀ ਟੀਮ ਮੈਂਬਰਾਂ ਵੱਲੋਂ ਪ੍ਰੋਗਰਾਮ ਮੁੜ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Source:AbpSanjha