4 ਰਾਤਾਂ ਮਗਰੋਂ ਵੀ ਬਚਾਅ ਕਾਰਜ ਜਾਰੀ, ਜਾਣੋ ਕਦੋਂ ਨਿਕਲੇਗਾ ਫ਼ਤਹਿਵੀਰ ਸਿੰਘ ਬਾਹਰ

Fatehveer Singh

4 ਰਾਤਾਂ ਮਗਰੋਂ ਵੀ ਮਿਸ਼ਨ ਫ਼ਤਹਿ ਜਾਰੀ ਹੈ। ਐਨਡੀਆਰਐਫ ਨੇ ਫ਼ਤਹਿ ਨੂੰ ਬਾਹਰ ਕੱਢਣ ਲਈ ਆਖਰੀ ਸੁਰੰਗ ਵੀ ਪੁੱਟ ਲਈ ਹੈ। ਪਰ ਕੁੱਝ ਕਾਰਨਾਂ ਕਰਕੇ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਅੱਜ ਫ਼ਤਹਿਵੀਰ ਦਾ ਦੂਜਾ ਜਨਮਦਿਨ ਹੈ ਸਭ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਉਹ ਆਪਣਾ ਦੂਜਾ ਜਨਮਦਿਨ ਆਪਣਿਆਂ ਨਾਲ ਮਨਾ ਸਕੇ। ਬੋਰਵੈੱਲ ਦੇ ਫਿਲਟਰ ਵਿੱਚ ਫਸੇ ਹੋਣ ਕਰਕੇ ਫ਼ਤਹਿ ਨੂੰ ਬਾਹਰ ਕੱਢਣ ਵਿੱਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ, ਜਿਸ ਕਾਰਨ ਲੋਕਾਂ ਦੀ ਨਾਰਾਜ਼ਗੀ ਪੰਜਾਬ ਸਰਕਾਰ ਖ਼ਿਲਾਫ਼ ਦਿਨੋਂ ਦਿਨ ਵੱਧ ਰਹੀ ਹੈ।

ਪੰਜਾਬ ਪੁਲਿਸ ਨੇ ਲੋਕਾਂ ਨੂੰ ਉਸ ਥਾਂ ਤੋਂ ਦੂਰ ਰੱਖਣ ਲਈ ਬੈਰੀਕੇਡਿੰਗ ਕਰ ਦਿੱਤੀ ਹੈ, ਤਾਂ ਜੋ ਫ਼ਤਹਿ ਨੂੰ ਬਾਹਰ ਕੱਢਣ ਸਮੇਂ ਹਾਲਾਤਾਂ ਉੱਪਰ ਕਾਬੂ ਪਾਇਆ ਜਾ ਸਕੇ। ਫ਼ਤਹਿਵੀਰ ਨੂੰ ਦੇਣ ਵਾਲੀ ਮੈਡੀਕਲ ਸਹਾਇਤਾ ਦੀ ਪੂਰੀ ਤਿਆਰੀ ਹੋ ਚੁੱਕੀ ਹੈ। ਸੀਸੀਟੀਵੀ ਤਸਵੀਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਫ਼ਤਹਿਵੀਰ ਬੋਰਵੈੱਲ ਦੇ ਫਿਲਟਰ ਵਿੱਚ ਬੁਰੀ ਤਰਾਂ ਫਸਿਆ ਹੋਇਆ ਹੈ, ਐਨਡੀਆਰਐਫ ਟੀਮ ਉਸ ਤੋਂ ਹੇਠਾਂ ਜਾ ਕੇ ਪਾਈਪ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਪਾਈਪ ਤੋੜਨ ਸਮੇਂ ਹਿੱਲਜੁੱਲ ਹੋਣ ਕਰਕੇ ਕਿਤੇ ਬੱਚਾ ਹੋਰ ਹੇਠਾਂ ਨਾ ਖਿਸਕ ਜਾਵੇ।

ਇਹ ਵੀ ਪੜ੍ਹੋ: ਜਲੰਧਰ ‘ਚ ਆਈ ਹਨੇਰੀ ਨਾਲ ਹਸਪਤਾਲ ਦੀ ਕੰਧ ਡਿੱਗੀ, ਇੱਕ ਦੀ ਮੌਤ

ਨਵੇਂ ਪੁੱਟੇ ਬੋਰ ਵਿੱਚ ਤਕਨੀਕੀ ਮਾਹਰ ਅਤੇ ਆਧੁਨਿਕ ਮਸ਼ੀਨਰੀ ਦੀ ਘਾਟ ਹੋਣ ਕਰਕੇ ਫ਼ਤਹਿ ਨੂੰ ਬਾਹਰ ਕੱਢਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਜ਼ਮੀਨ ਦੇ ਅੰਦਰ ਹੋਣ ਕਾਰਨ ਐਨਡੀਆਰਐਫ ਟੀਮ ਦਾ ਵਾਕੀ-ਟਾਕੀ ਵੀ ਨਹੀਂ ਕੰਮ ਕਰ ਰਿਹਾ, ਇਸ ਲਈ ਵਾਰ-ਵਾਰ ਉੱਪਰ ਆ ਕੇ ਗੱਲਬਾਤ ਜਾਰੀ ਹੈ। ਇਸ ਬਚਾਅ ਕਾਰਜ ਵਿੱਚ ਤਕਨੀਕੀ ਸਹਾਇਤਾ ਵਿੱਚ ਬੇਹੱਦ ਕਮੀ ਦੇਖਣ ਨੂੰ ਮਿਲੀ ਹੈ।