ਥਾਣੇ ਚ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਪੁਲਿਸ ਨੇ ਕੀਤੀ ਲਾਪਰਵਾਹੀ

JAIL

ਚੰਡੀਗੜ੍ਹ: ਅਜੇ ਫਰੀਦਕੋਟ ਦਾ ਪੁਲਿਸ ਹਿਰਾਸਤ ‘ਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਦਾ ਮਾਮਲਾ ਠੰਡਾ ਨਹੀਂ ਹੋਇਆ ਕਿ ਪੁਲਿਸ ਦੀ ਅਣਗਹਿਲੀ ਦੀ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ। ਥਾਣਾ ਖਾਲੜਾ ਦੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਇੱਕ ਸ਼ਖ਼ਸ ਨੂੰ ਦਿਲ ਦਾ ਦੌਰਾ ਪੈ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਉਸ ਦਾ ਇਲਾਜ ਨਹੀਂ ਕਰਵਾਇਆ।

ਜਾਣਕਾਰੀ ਮੁਤਾਬਕ ਪਿੰਡ ਰਾਜੋਕੇ ਦਾ ਰਹਿਣ ਵਾਲੇ ਕਿਸਾਨ ਨਿੰਦਰ ਸਿੰਘ ਤੇ ਉਨ੍ਹਾਂ ਦੇ ਤਿੰਨ ਪੁੱਤਰ ਨਿਸ਼ਾਨ ਸਿੰਘ, ਗੁਰਦੇਵ ਸਿੰਘ ਤੇ ਸਤਨਾਮ ਸਿੰਘ ਖ਼ਿਲਾਫ਼ ਪਿੰਡ ਦੇ ਹੀ ਇੱਕ ਹੋਰ ਕਿਸਾਨ ਬਚਿੱਤਰ ਸਿੰਘ ਨੇ ਨਹਿਰੀ ਪਾਣੀ ਦੀ ਸਿੰਚਾਈ ਵਾਲੀ ਖਾਲ ਢਾਹੁਣ ਦੇ ਇਲਜ਼ਾਮ ਲਾਉਂਦਿਆਂ ਕੇਸ ਦਰਜ ਕਰਵਾਇਆ ਸੀ। ਇਸੇ ਸਬੰਧੀ ਕਿਸਾਨ ਨਿੰਦਰ ਸਿੰਘ ਤੇ ਉਨ੍ਹਾਂ ਦੇ ਦੋ ਪੁੱਤਰਾਂ ਨੂੰ ਮੰਗਲਵਾਰ ਨੂੰ ਖਾਲੜਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ।

ਇਹ ਵੀ ਪੜ੍ਹੋ : ਪੁਲਿਸ ਹਿਰਾਸਤ ‘ਚ ਜਸਪਾਲ ਦੀ ਮੌਤ ਦਾ ਕੀ ਹੈ ਰਾਜ਼ ? ਜਾਣੋ ਹੁਣ ਤਕ ਦੀ ਪੂਰੀ ਜਾਣਕਾਰੀ

ਇਸ ਤੋਂ ਬਾਅਦ ਦੁਪਹਿਰ ਨਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਪਰ ਪੁਲਿਸ ਨੇ ਉਸ ਨੂੰ ਹਸਪਤਾਲ ਲਿਜਾਣ ਜਾਂ ਇਲਾਜ ਕਰਾਉਣ ਦੀ ਕੋਸ਼ਿਸ਼ ਤਕ ਨਹੀਂ ਕੀਤੀ। ਇਸ ਮਗਰੋਂ ਕਿਸਾਨ ਨਿੰਦਰ ਸਿੰਘ ਦੀ ਪਤਨੀ ਨੇ ਪਿੰਡ ਦੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਥਾਣੇ ਵਿੱਚੋਂ ਉਨ੍ਹਾਂ ਨੂੰ ਰਿਹਾਅ ਕਰਵਾਇਆ ਤੇ ਪੱਟੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਨੇ ਹਿਰਾਸਤ ਵਿੱਚ ਲਏ ਦੋਵਾਂ ਪੁੱਤਰਾਂ ਨੂੰ ਵੀ ਬਿਨਾਂ ਕੋਈ ਜ਼ਮਾਨਤ ਲਏ ਛੱਡ ਦਿੱਤਾ।

ਨਿੰਦਰ ਸਿੰਘ ਦੀ ਪਤਨੀ ਨੇ ਇਲਜ਼ਾਮ ਲਾਇਆ ਕਿ ਪੁਲਿਸ ਵੱਲੋਂ ਕੀਤੇ ਤਸ਼ੱਦਦ ਕਾਰਨ ਉਸ ਦੇ ਪਤੀ ਨੂੰ ਦਿਲ ਦਾ ਦੌਰਾ ਪਿਆ ਹੈ। ਨਿੰਦਰ ਸਿੰਘ ਦੇ ਦੋਵਾਂ ਪੁੱਤਰਾਂ ਨੇ ਥਾਣਾ ਮੁਖੀ ’ਤੇ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦੇਣ ਦੇ ਇਲਜ਼ਾਮ ਲਾਏ ਹਨ। ਉੱਧਰ ਥਾਣਾ ਖਾਲੜਾ ਦੇ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਨਿੰਦਰ ਸਿੰਘ ਤੇ ਉਨ੍ਹਾਂ ਦੇ ਤਿੰਨਾਂ ਪੁੱਤਰਾਂ ਨੂੰ ਪੁਛਗਿੱਛ ਲਈ ਬੁਲਾਇਆ ਸੀ। ਕਿਸੇ ਤਰ੍ਹਾਂ ਦਾ ਤਸ਼ੱਦਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਰਵਾਈ ਤੋਂ ਬਚਣ ਲਈ ਨਿੰਦਰ ਸਿੰਘ ਦੌਰਾ ਪੈਣ ਦਾ ਨਾਟਕ ਕਰ ਰਿਹਾ ਹੈ।

Source:AbpSanjha