ਦਿਨਕਰ ਗੁਪਤਾ ਸੰਭਾਲ ਸਕਦੇ ਨੇ ਪੰਜਾਬ ਪੁਲਿਸ ਦੀ ਕਮਾਨ

dinkar gupta

ਪੰਜਾਬ ਵਿੱਚ ਨਵੇਂ ਪੁਲਿਸ ਮੁਖੀ ਦੀ ਚੋਣ ਬਾਰੇ ਚਰਚਾ ਚੱਲ ਰਹੀ ਹੈ। ਕਿਆਸ ਲਾਏ ਜਾ ਰਹੇ ਹਨ ਕਿ ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ ਥਾਪੇ ਜਾ ਸਕਦੇ ਹਨ। ਉਨ੍ਹਾਂ ਦਾ ਕਾਰਜਕਾਲ ਮਾਰਚ 2024 ਵਿੱਚ ਖ਼ਤਮ ਹੋਣਾ ਹੈ। ਨਵੇਂ ਡੀਜੀਪੀ ਦੀ ਚੋਣ ਸਬੰਧੀ ਪੁਲਿਸ ਦੇ ਆਹਲਾ ਅਧਿਕਾਰੀਆਂ ਦੇ ਪੈਨਲ ’ਤੇ ਚਰਚਾ ਹੋ ਰਹੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਦਾ ਪੁਲਿਸ ਮੁਖੀ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਤੇ ਦਿਨਕਰ ਗੁਪਤਾ ਵਿੱਚੋਂ ਕੋਈ ਇੱਕ ਹੋ ਸਕਦਾ ਹੈ।

ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਨੇ ਇਨ੍ਹਾਂ ਤਿੰਨਾਂ ਅਫਸਰਾਂ ਦੀ ਚੋਣ ਕਰਕੇ ਪੰਜਾਬ ਸਰਕਾਰ ਕੋਲ ਸਿਫਾਰਸ਼ ਭੇਜ ਦਿੱਤੀ ਹੈ। ਇਸ ਬਾਰੇ ਆਖਰੀ ਫੈਸਲਾ ਕੈਪਟਨ ਸਰਕਾਰ ਨੇ ਕਰਨਾ ਹੈ। ਕਿਆਸ ਇਹ ਵੀ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਨੂੰ ਸੂਬੇ ਦਾ ਡੀਜੀਪੀ ਨਿਯੁਕਤ ਕਰਨ ਸਬੰਧੀ ਸਿਧਾਂਤਕ ਤੌਰ ’ਤੇ ਫੈਸਲਾ ਕਰ ਲਿਆ ਹੈ।

ਦਿਨਕਰ ਗੁਪਤਾ 1987 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਜਲਦ ਹੀ ਉਨ੍ਹਾਂ ਦੀ ਚੋਣ ਸਬੰਧੀ ਅਧਿਕਾਰਿਤ ਹੁਕਮ ਜਾਰੀ ਕੀਤਾ ਜਾ ਸਕਦਾ ਹੈ। ਮੀਡੀਆ ਖ਼ਬਰਾਂ ਮੁਤਾਬਕ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੇ ਸੂਤਰਾਂ ਨੇ 1987 ਬੈਚ ਦੇ ਅਧਿਕਾਰੀਆਂ ਦਿਨਕਰ ਗੁਪਤਾ, ਮਿਥਲੇਸ਼ ਤਿਵਾੜੀ ਅਤੇ ਵਿਰੇਸ਼ ਕੁਮਾਰ ਭਾਵੜਾ ’ਤੇ ਆਧਾਰਿਤ ਪੈਨਲ ਹੋਣ ਦਾ ਦਾਅਵਾ ਕੀਤਾ ਹੈ।

ਜੇ ਪੰਜਾਬ ਸਰਕਾਰ ਵੱਲੋਂ ਦਿਨਕਰ ਗੁਪਤਾ ਨੂੰ ਡੀਜੀਪੀ ਨਿਯੁਕਤ ਕੀਤਾ ਗਿਆ ਤਾਂ ਕਈ ਨਵੇਂ ਸੀਨੀਅਰ ਅਧਿਕਾਰੀ ਤਾਇਨਾਤ ਕਰਨੇ ਪੈਣਗੇ। ਮੁਹੰਮਦ ਮੁਸਤਫਾ, ਹਰਦੀਪ ਸਿੰਘ ਢਿੱਲੋਂ, ਜਸਮਿੰਦਰ ਸਿੰਘ ਅਤੇ ਸਿਧਾਰਥ ਚਟੋਪਾਧਿਆਏ ਗੁਪਤਾ ਤੋਂ ਸੀਨੀਅਰ ਹਨ, ਜਦਕਿ ਤਕਨੀਕੀ ਤੌਰ ’ਤੇ ਗੁਪਤਾ ਦੇ ਡੀਜੀਪੀ ਬਣਨ ‘ਤੇ ਮਤਾਹਿਤ ਅਧਿਕਾਰੀ ਵਜੋਂ ਕੰਮ ਨਹੀਂ ਕਰ ਸਕਦੇ।

ਇਸੇ ਤਰ੍ਹਾਂ 1987 ਬੈਚ ਦੇ ਅਧਿਕਾਰੀ ਵਿਰੇਸ਼ ਕੁਮਾਰ ਭਾਵੜਾ ਨੂੰ ਵੀ ਗੁਪਤਾ ਦੇ ਅਧੀਨ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਕਰਕੇ ਪੰਜਾਬ ਪੁਲੀਸ ਵਿੱਚ ਡੀਜੀਪੀ, ਏਡੀਜੀਪੀ, ਆਈਜੀ, ਡੀਆਈਜੀ, ਪੁਲੀਸ ਕਮਿਸ਼ਨਰ ਅਤੇ ਐੱਸਐੱਸਪੀ ਪੱਧਰ ਦੇ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਹੋਣ ਦੀ ਸੰਭਾਵਨਾ ਹੈ।

Source:AbpSanjha