ਵਿਧਾਇਕ ਜ਼ੀਰਾ ਮਾਮਲੇ ‘ਚ ਫਿਰ ਪਲਟੀ ਕਾਂਗਰਸ, ਮਸਲਾ ਸੁਲਝਾਉਣ ਲਈ ਕੀਤਾ ਉਪਰਾਲਾ

Kulbir singh zira with cabinet minister sukhjinder randhawa after meeting

ਨਸ਼ਿਆਂ ਦੇ ਮੁੱਦੇ ‘ਤੇ ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਆਵਾਜ਼ ਚੁੱਕਣ ਵਾਲੇ ਕਾਂਗਰਸ ‘ਚੋਂ ਮੁਅੱਤਲ ਕੀਤੇ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ। ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਮੀਟਿੰਗ ਮਗਰੋਂ ਇਹ ਫੈਸਲਾ ਲਿਆ ਗਿਆ। ਅੱਜ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਜ਼ੀਰਾ ਦੀ ਆਸ਼ਾ ਕੁਮਾਰੀ ਨਾਲ ਮੁਲਾਕਾਤ ਕਰਵਾਈ ਸੀ।

ਮੀਟਿੰਗ ਤੋਂ ਬਾਅਦ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਮਸਲਾ ਸੁਲਝਾਅ ਲਿਆ ਹੈ ਤੇ ਹੁਣ ਸਭ ਕੁਝ ਪਹਿਲਾਂ ਵਾਂਗ ਹੈ। ਪੱਤਰਕਾਰਾਂ ਵੱਲੋਂ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਜ਼ੀਰਾ ਹੁਣ ਬਹਾਲ ਹੀ ਹਨ, ਇਸ ਵਿੱਚ ਹੋਰ ਕੀ ਕਰਨਾ ਰਹਿ ਗਿਆ ਹੈ। ਹਾਲਾਂਕਿ, ਜ਼ੀਰਾ ਨੇ ਪੱਤਰਕਾਰਾਂ ਨੂੰ ਸਿਰਫ਼ ਇੰਨਾ ਕਿਹਾ ਕਿ ਉਨ੍ਹਾਂ ਦੀ ਆਸ਼ਾ ਕੁਮਾਰੀ ਨਾਲ ਮੁਲਾਕਾਤ ਹੋਈ ਹੈ। ਹੁਣ ਉਹ ਹੀ ਫੈਸਲਾ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਹੋਰ ਕੁਝ ਨਹੀਂ ਕਿਹਾ। ਮੀਟਿੰਗ ਤੋਂ ਪਹਿਲਾਂ ਆਸ਼ਾ ਕੁਮਾਰੀ ਨੇ ਕਿਹਾ ਕਿ ਕੁਲਬੀਰ ਜ਼ੀਰਾ ਉਨ੍ਹਾਂ ਦੇ ਬੱਚਿਆਂ ਵਰਗਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੀ ਗੱਲ ਸਹੀ ਹੋਵੇ, ਪਰ ਜ਼ੀਰਾ ਨੇ ਆਪਣੀ ਗੱਲ ਨੂੰ ਸਹੀ ਮੰਚ ਤੋਂ ਪੇਸ਼ ਨਹੀਂ ਕੀਤਾ।

ਉੱਧਰ, ਜ਼ੀਰਾ ਦੇ ਹੱਕ ਵਿੱਚ ਇੱਕ ਹੋਰ ਕਾਂਗਰਸੀ ਵਿਧਾਇਕ ਨਿੱਤਰੇ ਸਨ। ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜ਼ੀਰਾ ਦਾ ਸਮਰਥਨ ਕੀਤਾ ਹੈ। ਕੁਲਦੀਪ ਵੈਦ ਨੇ ਕਿਹਾ ਹੈ ਕਿ ਜ਼ੀਰਾ ਨੇ ਕੁਝ ਵੀ ਗ਼ਲਤ ਨਹੀਂ ਕਿਹਾ। ਉਨ੍ਹਾਂ ਨੂੰ ਆਵਾਜ਼ ਚੁੱਕਣ ਕਰਕੇ ਸਜ਼ਾ ਦਿੱਤੀ ਗਈ ਹੈ। ਹਾਲਾਂਕਿ, ਪਾਰਟੀ ਹੁਣ ਉਨ੍ਹਾਂ ‘ਤੇ ਕੀ ਕਾਰਵਾਈ ਕਰੇਗੀ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਜ਼ੀਰਾ ਜ਼ਰੂਰ ਬਚ ਗਏ ਹਨ।

Source: AbpSanjha