ਸਿੱਧੂ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਰਹੀ ਹੈ ਕਾਂਗਰਸ

navjot singh sidhu

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਛੱਕਿਆਂ ਤੋਂ ਕਾਂਗਰਸ ਡਰ ਗਈ ਹੈ। ਕਾਂਗਰਸ ਨੇ ਭਾਰਤ-ਪਾਕਿ ਵਿਚਾਲੇ ਗੱਲਬਾਤ ਦੀ ਵਕਾਲਤ ਕਰਨ ਵਾਲੇ ਸਿੱਧੂ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰਕ ਲਿਆ ਹੈ। ਕਾਂਗਰਸ ਨੇ ਮੌਜੂਦਾ ਮਾਹੌਲ ਨੂੰ ਪਾਕਿਸਤਾਨ ਨਾਲ ਦੁੱਵਲੀ ਗੱਲਬਾਤ ਕਰਨ ਲਈ ਅਣਉਚਿਤ ਕਰਾਰ ਦਿੰਦਿਆਂ ਸਿੱਧੂ ਵੱਲੋਂ ਦਿੱਤੇ ਸੁਝਾਵਾਂ ਨੂੰ ਪਾਰਟੀ ਦੀ ਨਹੀਂ ਬਲਕਿ ਉਨ੍ਹਾਂ ਦੀ ਨਿੱਜੀ ਰਾਏ ਦੱਸਿਆ ਹੈ।

ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਹਰ ਕੰਮ ਲਈ ਸਹੀ ਸਮਾਂ ਹੁੰਦਾ ਹੈ। ਕਿਸੇ ਵੇਲੇ ਕਾਰਵਾਈ ਕਰਨ ਦਾ ਸਮਾਂ ਹੁੰਦਾ ਹੈ ਤੇ ਕਿਸੇ ਵੇਲੇ ਗੱਲਬਾਤ ਕਰਨ ਦਾ। ਦੁੱਵਲੀ ਗੱਲਬਾਤ ਤਾਂ ਹੀ ਸੰਭਵ ਹੈ ਜੇਕਰ ਗੱਲਬਾਤ ਲਈ ਮਾਹੌਲ ਉਚਿਤ ਹੋਵੇ ਤੇ ਦੋਵਾਂ ਮੁਲਕਾਂ ਦਾ ਮੌਜੂਦਾ ਮਾਹੌਲ ਦੁਵੱਲੀ ਗੱਲਬਾਤ ਲਈ ਸਹੀ ਨਹੀਂ।’’

ਪਾਰਟੀ ਦੇ ਆਗੂ ਤੇ ਪੰਜਾਬ ਤੋਂ ਮੰਤਰੀ ਨਵਜੋਤ ਸਿੱਧੂ ਵੱਲੋਂ ਇਸ ਮਸਲੇ ’ਤੇ ਕੀਤੀ ਟਿੱਪਣੀ ਬਾਰੇ ਤਿਵਾੜੀ ਨੇ ਕਿਹਾ, ‘‘ਜੇਕਰ ਨਵਜੋਤ ਸਿੰਘ ਸਿੱਧੂ ਦੀ ਇਸ ਬਾਰੇ ਕੋਈ ਰਾਏ ਹੈ ਤਾਂ ਉਹ ਉਨ੍ਹਾਂ ਦੀ ਨਿੱਜੀ ਰਾਏ ਹੈ ਤੇ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਰਾਇ ਨਹੀਂ।’’

ਸਿੱਧੂ ਦਾ ਕਹਿਣਾ ਹੈ ਕਿ ਦੁਵੱਲੀ ਗੱਲਬਾਤ ਤੇ ਕੂਟਨੀਤਕ ਦਬਾਅ ਨਾਲ ਸਰਹੱਦ ਪਾਰੋਂ ਚੱਲ ਰਹੇ ਅਤਿਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ’ਤੇ ਰੋਕ ਲੱਗੇਗੀ। ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਸਰਹੱਦ ਪਾਰੋਂ ਚੱਲਦੇ ਅਤਿਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਦੁੱਵਲੀ ਗੱਲਬਾਤ ਤੇ ਕੂਟਨੀਤਕ ਦਬਾਅ ਵੱਡੀ ਪੱਧਰ ’ਤੇ ਸਹਾਈ ਹੋ ਸਕਦੇ ਹਨ।’’

Source:AbpSanjha