ਹਾਰ ਤੋਂ ਦੁਖ਼ੀ ਹੋਏ ਕਾਂਗਰਸੀ ਉਮੀਦਵਾਰ ਵੱਲੋ ਨਵੇਂ ਬਣੇ ਸਰਪੰਚ ’ਤੇ ਜਾਨਲੇਵਾ ਹਮਲਾ

sarpanch

ਬਰਨਾਲਾ ਦੇ ਪਿੰਡ ਸੁੱਖਪੁਰਾ ਮੌੜ ਦੇ ਨਵੇਂ ਬਣੇ ਸਰਪੰਚ ’ਤੇ ਹਾਰੇ ਹੋਏ ਕਾਂਗਰਸੀ ਉਮੀਦਵਾਰ ਦੇ ਮੁੰਡੇ ਨੇ ਜਾਨਲੇਵਾ ਹਮਲਾ ਕੀਤਾ। ਕਾਂਗਰਸੀ ਉਮੀਦਵਾਰ ਜਸਵੰਤ ਸਿੰਘ ਦੇ ਮੁੰਡੇ ਵਿੱਕੀ ਨੇ ਹੋਰਾਂ ਨੂੰ ਨਾਲ ਲੈ ਕੇ ਸਰਪੰਚ ਗੁਰਦੇਵ ਸਿੰਘ (65) ਉੱਤੇ ਹਮਲਾ ਕੀਤਾ ਤੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਸਰਪੰਚ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਉਮੀਦਵਾਰ ਜਸਵੰਤ ਸਿੰਘ ਤੇ ਉਸ ਦੇ ਦੋ ਸਾਥੀ ਪਹਿਲਾਂ ਹੀ ਬੈਲੇਟ ਪੇਪਰ ਪਾੜਨ ਦੇ ਦੋਸ਼ ਹੇਠ ਜੇਲ੍ਹ ਵਿੱਚ ਨਜ਼ਰਬੰਦ ਹਨ।

ਬੀਤੀ ਰਾਤ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਪੱਥਰਬਾਜ਼ੀ ਕੀਤੀ ਤੇ ਅੱਜ ਸਵੇਰੇ ਗੁਰਦੇਵ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ। ਇਸ ਮੌਕੇ ਉਹ ਕਿਸੇ ਦੇ ਘਰ ਮੌਤ ਦਾ ਅਫ਼ਸੋਸ ਕਰਨ ਲਈ ਜਾ ਰਹੇ ਸਨ। ਰਸਤੇ ਵਿੱਚ ਕਾਂਗਰਸੀ ਉਮੀਦਵਾਰ ਜਸਵੰਤ ਸਿੰਘ ਦੇ ਮੁੰਡੇ ਵਿੱਕੀ ਨੇ ਆਪਣੇ ਸਾਥੀਆਂ ਨਾਲ ਗੁਰਦੇਵ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਇਸ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਸਰਪੰਚ ਗੁਰਦੇਵ ਸਿੰਘ ਦੇ ਮੁੰਡੇ ਜਗਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਨੂੰ ਪਹਿਲਾਂ ਤੋਂ ਹੀ ਚੋਣਾਂ ਵਿੱਚ ਖੜ੍ਹਾ ਹੋਣ ਤੋਂ ਮਨ੍ਹਾ ਕੀਤਾ ਗਿਆ ਸੀ। ਉਨ੍ਹਾਂ ਨੂੰ ਕਈ ਵਾਰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਸ ਦੇ ਬਾਵਜੂਦ ਗੁਰਦੇਵ ਸਿੰਘ ਚੋਣਾਂ ਵਿੱਚ ਖੜ੍ਹੇ ਤੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਕਾਂਗਰਸੀ ਉਮੀਦਵਾਰ ਜਸਵੰਤ ਸਿੰਘ ਨੇ ਵੋਟਾਂ ਵਾਲੇ ਦਿਨ ਵੀ ਚੋਣ ਪ੍ਰਕਿਰਿਆ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਬੈਲੇਟ ਪੇਪਰ ਹੀ ਪਾੜ ਦਿੱਤੇ ਸੀ ਜਿਸ ਕਰਕੇ ਜਸਵੰਤ ਸਿੰਘ ਤੇ ਉਸ ਦੇ ਦੋ ਸਾਥੀਆਂ ਨੂੰ ਪ੍ਰਸ਼ਾਸਨ ਨੇ ਜੇਲ੍ਹ ਭੇਜ ਦਿੱਤਾ ਸੀ। ਚੋਣਾਂ ਜਿੱਤਣ ਬਾਅਦ ਵੀ ਗੁਰਦੇਵ ਸਿੰਘ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਭਰੋਸਾ ਜਤਾਇਆ ਹੈ ਕਿ ਮੁਲਜ਼ਮਾਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਏਗਾ।

Source:AbpSanjha