ਕਾਂਗਰਸ ਵਿੱਚ ਚੰਡੀਗੜ੍ਹ ਸੀਟ ਲਈ ਮਾਰੋ-ਮਾਰ , ਇੱਕ ਹੋਰ ਕਾਂਗਰਸੀ ਉਮੀਦਵਾਰ ਨੇ ਦਾਅਵੇਦਾਰੀ ਠੋਕੀ

chandigarh

ਕਾਂਗਰਸ ਵਿੱਚ ਚੰਡੀਗੜ੍ਹ ਲੋਕ ਸਭਾ ਸੀਟ ਲਈ ਮਾਰੋ-ਮਾਰ ਹੋਰ ਵਧ ਗੀ ਹੈ। ਕਾਂਗਰਸੀ ਲੀਡਰ ਮਨੀਸ਼ ਤਿਵਾੜੀ, ਪਵਨ ਕੁਮਾਰ ਬਾਂਸਲ ਤੇ ਨਵਜੋਤ ਕੌਰ ਸਿੱਧੂ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਮਹਿਲਾ ਵਿੰਗ ਦੀ ਲੀਗਲ ਸੈੱਲ ਦੀ ਪ੍ਰਧਾਨ ਸਵਿਤਾ ਸਸ਼ੋਦੀਆ ਨੇ ਚੰਡੀਗੜ੍ਹ ਤੋਂ ਚੋਣ ਲੜਨ ਦੀ ਦਾਅਵੇਦਾਰੀ ਠੋਕੀ ਹੈ।

ਮੰਨਿਆ ਜਾ ਰਿਹਾ ਹੈ ਕਿ ਕਾਂਗਰਸੀ ਲੀਡਰ ਇਸ ਵਾਰ ਚੰਡੀਗੜ੍ਹ ਲੋਕ ਸਭਾ ਸੀਟ ਨੂੰ ਬੇਹੱਦ ਸੇਫ ਮੰਨ ਰਹੇ ਹਨ। ਇਸ ਲਈ ਵੱਡੇ ਲੀਡਰ ਇੱਥੋਂ ਹੀ ਮੈਦਾਨ ਵਿੱਚ ਉਤਰਣਾ ਚਾਹੁੰਦੇ ਹਨ। ਨਵਜੋਤ ਕੌਰ ਸਿੱਧੂ ਨੇ ਸਭ ਤੋਂ ਪਹਿਲਾਂ ਸੀਟ ਲਈ ਅਰਜ਼ੀ ਦੇ ਕੇ ਚੰਡੀਗੜ੍ਹ ਦਾ ਸਿਆਸੀ ਪਾਰਾ ਚਾੜ੍ਹਿਆ ਹੈ। ਇਸ ਮਗਰੋਂ ਐਤਵਾਰ ਨੂੰ ਮਨੀਸ਼ ਤਿਵਾੜੀ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਪਵਨ ਬਾਂਸਲ ਪਹਿਲਾਂ ਹੀ ਇੱਥੋਂ ਚੋਣ ਲੜਦੇ ਆ ਰਹੇ ਹਨ।

ਇਸ ਮਗਰੋਂ ਅੱਜ ਸਵਿਤਾ ਸਸ਼ੋਦੀਆ ਨੇ ਚੰਡੀਗੜ੍ਹ ਤੋਂ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਵੇਲੇ ਇਹ ਸੀਟ ਬੀਜੇਪੀ ਕੋਲ ਹੈ। ਇੱਥੋਂ ਬੀਜੇਪੀ ਸਾਂਸਦ ਕਿਰਨ ਖੇਰ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਤੇ ਕਾਂਗਰਸੀ ਪਵਨ ਬਾਂਸਲ ਨੂੰ ਹਰਾ ਕੇ ਸੀਟ ਜਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਖਿਲਾਫ ਸੱਤਾ ਵਿਰੋਧੀ ਹਵਾ ਹੋਣ ਕਾਰਨ ਕਾਂਗਰਸੀ ਇਸ ਸੀਟ ਨੂੰ ਸੇਫ ਮੰਨ ਰਹੇ ਹਨ।

ਯਾਦ ਰਹੇ ਤਿਵਾੜੀ ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤ ਕੇ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ਸੀ। ਪਿਛਲੀ ਵਾਰ ਸਿਹਤ ਦਾ ਹਵਾਲਾ ਦੇ ਕੇ ਉਨ੍ਹਾਂ ਚੋਣ ਨਹੀਂ ਲੜੀ ਸੀ। ਇਸ ਵਾਰ ਉਹ ਚੰਡੀਗੜ੍ਹ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸੀ ਕਿ ਡਾ. ਨਵਜੋਤ ਕੌਰ ਸਿੱਧੂ ਨੇ ਵੀ ਚੰਡੀਗੜ੍ਹ ਤੋਂ ਹੀ ਚੋਣ ਲੜਨ ਦੀ ਇੱਛਾ ਜਤਾਈ ਹੈ। ਹੁਣ ਹਾਈਕਮਾਨ ਹੀ ਇਸ ਬਾਰੇ ਫੈਸਲਾ ਲਵੇਗੀ।

Source:AbpSanjha