ਨਵਜੋਤ ਕੌਰ ਸਿੱਧੂ ਦੀ ਜ਼ਿਦ ਕਰਕੇ ਵਿਗੜ ਰਿਹਾ ਕਾਂਗਰਸ ਦਾ ਮਾਹੌਲ

Navjot Kaur Sidhu and Madhu Bansal on Chandigarh MP Ticket

ਪੰਜਾਬ ਦੀ ਰਾਜਧਾਨੀ ਤੋਂ ਨਵਜੋਤ ਕੌਰ ਸਿੱਧੂ ਵੱਲੋਂ ਲੋਕ ਸਭਾ ਟਿਕਟ ਦੀ ਦਾਅਵੇਦਾਰੀ ਜਤਾਉਣ ਨਾਲ ਕਾਂਗਰਸ ਦਾ ਅੰਦਰੂਨੀ ਮਾਹੌਲ ਇੱਕ ਵਾਰ ਫਿਰ ਵਿਗੜ ਸਕਦਾ ਹੈ। ਸਿੱਧੂ ਦੀ ਦਾਅਵੇਦਾਰੀ ਚੰਡੀਗੜ੍ਹ ਤੋਂ ਕਾਂਗਰਸ ਦੇ ਐਵਰਗ੍ਰੀਨ ਉਮੀਦਵਾਰ ਤੇ ਸਾਬਕਾ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਸਿੱਧੀ ਚੁਣੌਤੀ ਸਮਝੀ ਜਾ ਰਹੀ ਹੈ। ਅਜਿਹੇ ਵਿੱਚ ਦੋਵਾਂ ਧਿਰਾਂ ਦਾ ਟਕਰਾਅ ਸੁਭਾਵਿਕ ਹੈ, ਇਸ ਦਾ ਸਬੂਤ ਚੰਡੀਗੜ੍ਹ ‘ਚ ਦੋਵਾਂ ਧਿਰਾਂ ਵੱਲੋਂ ਗਣਤੰਤਰ ਦਿਵਸ ਮੌਕੇ ਵੱਖ-ਵੱਖ ਥਾਵਾਂ ‘ਤੇ ਝੰਡਾ ਝੁਲਾਉਣ ਦੀ ਰਸਮ ਤੇ ਉੱਥੇ ਹੋਈ ਬਿਆਨਬਾਜ਼ੀ ਤੋਂ ਮਿਲਦਾ ਹੈ।

ਸ਼ਹਿਰ ਦੇ ਦਿਹਾਤੀ ਖੇਤਰ ਧਨਾਸ ਵਿੱਚ ਝੰਡਾ ਝੁਲਾਉਣ ਦੀ ਰਸਮ ਅਦਾ ਕਰਦਿਆਂ ਨਵਜੋਤ ਕੌਰ ਨੇ ਕਿਹਾ ਕਿ ਚੰਡੀਗੜ੍ਹ ਨੂੰ ਮਹਿਲਾ ਸੰਸਦ ਮੈਂਬਰ ਦੀ ਲੋੜ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੱਜ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰਨ ਤੋਂ ਬਾਅਦ ਚੰਡੀਗੜ੍ਹ ਵਿੱਚ ਕੈਂਪੇਨਿੰਗ ਕੀਤੀ ਸ਼ੁਰੂ।

ਗਣਤੰਤਰ ਦਿਵਸ ਤੇ ਧਨਾਸ ਦੀ ਕਾਲੋਨੀ ਵਿੱਚ ਝੰਡਾ ਲਹਿਰਾਉਣ ਪਹੁੰਚੀ ਨਵਜੋਤ ਕੌਰ ਸਿੱਧੂ ਨੇ ਕਿਹਾ ਚੰਡੀਗੜ੍ਹ ਦੀਆਂ ਮਹਿਲਾਵਾਂ ਦੀ ਸਲਾਹ ਮੰਨ ਕੇ ਚੰਡੀਗੜ੍ਹ ਤੋਂ ਲੋਕ ਸਭਾ ਦੀ ਚੋਣ ਲੜਨ ਲਈ ਤਿਆਰ ਹੋਈ ਹੈ। ਅੰਮ੍ਰਿਤਸਰ ਛੱਡਣ ਬਾਰੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਨੂੰ ਡਟ ਕੇ ਸੰਭਾਲ ਰਹੇ ਹਨ ਅਤੇ ਉਹ ਚੰਡੀਗੜ੍ਹ ਤੋਂ ਐਮਪੀ ਬਣ ਕੇ ਪੰਜਾਬ ਦੀ ਸੇਵਾ ਵਿੱਚ ਹੀ ਡਟੀ ਰਹੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਡਬਲ ਡਿਊਟੀ ਦੇਣ ਦੀ ਜ਼ਰੂਰਤ ਨਹੀਂ ਹੈ, ਪਰ ਚੰਡੀਗੜ੍ਹ ਨੂੰ ਮਹਿਲਾ ਸੰਸਦ ਮੈਂਬਰ ਦੀ ਲੋੜ ਹੈ।

ਉੱਧਰ, ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਦੇ ਐਮਪੀ ਰਹਿ ਚੁੱਕੇ ਪਵਨ ਕੁਮਾਰ ਬਾਂਸਲ ਦੀ ਪਤਨੀ ਨੇ ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਜਾਣ ਦੀ ਨਸੀਹਤ ਦਿੱਤੀ ਹੈ। ਬਾਂਸਲ ਪਰਿਵਾਰ ਨੇ ਸਿੱਧੂ ਦੇ ਸਮਾਗਮ ਤੋਂ ਸੌ ਕੁ ਮੀਟਰ ਦੂਰ ਆਪਣਾ ਵੱਖਰਾ ਗਣਤੰਤਰ ਦਿਵਸ ਮਨਾਇਆ ਅਤੇ ਝੰਡਾ ਵੀ ਲਹਿਰਾਇਆ। ਇੱਥੇ ਪਵਨ ਕੁਮਾਰ ਬਾਂਸਲ ਦੀ ਪਤਨੀ ਮਧੂ ਬਾਂਸਲ ਮੁੱਖ ਮਹਿਮਾਨ ਵਜੋਂ ਪਹੁੰਚੇ।

ਮਧੂ ਬਾਂਸਲ ਨੇ ਨਵਜੋਤ ਕੌਰ ਸਿੱਧੂ ਦੀ ਟਿਕਟ ਦੀ ਦਾਅਵੇਦਾਰੀ ਨੂੰ ਨਕਾਰਦਿਆਂ ਪਾਰਟੀ ਵੱਲੋਂ ਆਪਣੇ ਪਤੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਮਿਲਣ ਦਾ ਭਰੋਸਾ ਜਤਾਇਆ। ਮਧੂ ਨੇ ਕਿਹਾ ਕਿ ਹਾਈ ਕਮਾਂਡ ਪਵਨ ਕੁਮਾਰ ਬਾਂਸਲ ਨੂੰ ਹੀ ਟਿਕਟ ਦੇਵੇਗੀ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਦੇ ਹਨ ਅਤੇ ਉਨ੍ਹਾਂ ਨੂੰ ਉੱਥੋਂ ਹੀ ਲੜਨਾ ਚਾਹੀਦਾ ਹੈ।

ਹੁਣ ਗੱਲ ਪਾਰਟੀ ਹਾਈਕਮਾਨ ‘ਤੇ ਨਿਰਭਰ ਕਰਦੀ ਹੈ, ਕਿਉਂਕਿ ਚੰਡੀਗੜ੍ਹ ਤੋਂ ਪਵਨ ਕੁਮਾਰ ਬਾਂਸਲ ਅਤੇ ਮਨੀਸ਼ ਤਿਵਾੜੀ ਦੇ ਨਾਲ-ਨਾਲ ਹੁਣ ਨਵਜੋਤ ਕੌਰ ਸਿੱਧੂ ਵੀ ਬਰਾਬਰ ਦੇ ਦਾਅਵੇਦਾਰ ਬਣ ਗਏ ਹਨ। ਅਜਿਹੇ ਵਿੱਚ ਟਕਰਾਅ ਹੋਣਾ ਸੁਭਾਵਿਕ ਹੈ ਅਤੇ ਪੰਜਾਬ ਕਾਂਗਰਸ ਦੇ ਲੀਡਰ ਆਪਸੀ ਖਿੱਚੋਤਾਣ ਕਰਨ ਵਿੱਚ ਖਾਸੇ ਮਸ਼ਹੂਰ ਵੀ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਚੋਣਾਂ ਸਮੇਂ ਪਾਰਟੀ ਇੰਨਾਂ ਉਤਸ਼ਾਹਿਤ ਲੀਡਰਾਂ ਨੂੰ ਕਿਸ ਥਾਂ ‘ਤੇ ਫਿੱਟ ਕਰਦੀ ਹੈ ਤਾਂ ਜੋ ਪਾਰਟੀ ਦਾ ਤਵਾਜ਼ਨ ਨਾ ਵਿਗੜੇ।

Source:AbpSanjha